ਵੱਡੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਜਿੱਤੀ
ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਵਿੱਚ ਪਿੰਡ ਮਲੋਆ ਵਿੱਚ ਨਗਰ ਵਾਸੀਆਂ, ਐੱਨ.ਆਰ.ਆਈ. ਵੀਰਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਹਿਯੋਗ ਨਾਲ ਨਗਰ ਖੇੜਾ ਛਿੰਝ ਕਮੇਟੀ ਵੱਲੋਂ 20ਵਾਂ ਸਾਲਾਨਾ ਕੁਸ਼ਤੀ ਦੰਗਲ ਪਿੰਡ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ।
ਛਿੰਝ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੰਗਾ, ਸੈਕਟਰੀ ਸੁਖਵਿੰਦਰ ਸਿੰਘ ਸੁੱਖਾ, ਚੇਅਰਮੈਨ ਰਾਜਪਾਲ ਰਾਜਾ ਪੰਚ, ਜਸਵੀਰ ਰਿੰਕੂ, ਕੁਲਦੀਪ ਸਿੰਘ ਨੇ ਕੁਸ਼ਤੀਆਂ ਸ਼ੁਰੂ ਕਰਵਾਈਆਂ। ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਚੰਡੀਗੜ੍ਹ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਤੇ ਨਿਗਮ ਕੌਂਸਲਰ ਸਮਾਜ ਸੇਵੀ ਹਰਦੀਪ ਸਿੰਘ ਬੁਟੇਰਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵੱਡੀ ਝੰਡੀ ਦੇ ਮੁਕਾਬਲੇ ਵਿੱਚ ਪਹਿਲਵਾਨ ਤਾਲਿਬ ਬਾਬਾ ਫਲਾਹੀ ਨੇ ਸ਼ੁਭਮ ਮਹਾਂਰਾਸ਼ਟਰ ਨੂੰ 13 ਮਿੰਟ ਵਿੱਚ ਚਿੱਤ ਕੀਤਾ। ਦੂਜੀ ਝੰਡੀ ਦੇ ਪਹਿਲਵਾਨ ਇਰਫਾਨ ਇਰਾਨੀ ਮੁੱਲਾਂਪੁਰ ਗਰੀਬਦਾਸ ਤੇ ਅੰਕਿਤ ਬ੍ਰਿੜਵਾਲ ਦਰਮਿਆਨ ਮੁਕਾਬਲਾ ਬਰਾਬਰ ਰਿਹਾ। ਤੀਜੀ ਝੰਡੀ ਦੇ ਦੀਵਾਂਸ਼ੂ ਬ੍ਰਿੜਵਾਲ ਨੇ ਕੁਨਾਲ ਸਿੰਘ ਨੂੰ ਹਰਾਇਆ। ਪਹਿਲਵਾਨ ਵਿੱਕੀ ਚੰਡੀਗੜ੍ਹ ਨੇ ਜੀਤੀ ਧੰਗੇੜਾ ਨੂੰ, ਹਿਤੇਸ਼ ਰੋਹਤਕ ਨੇ ਵਿਕਾਸ ਨੂੰ ਹਰਾਇਆ। ਦੀਪਾ ਮੁੱਲਾਂਪੁਰ ਗਰੀਬਦਾਸ ਤੇ ਪ੍ਰਸ਼ਾਂਤ ਬ੍ਰਿੜਵਾਲ, ਮਨਪ੍ਰੀਤ ਬਿਰੜਵਾਲ ਤੇ ਲਾਲੀ ਫਗਵਾੜਾ, ਰਾਹੁਲ ਕੰਸਾਲਾ ਤੇ ਅਮਿਤ, ਹਰੀਓਮ ਤੇ ਸ਼ਾਲੂ, ਗਗਨ ਸੋਹਾਣਾ ਤੇ ਮੋਨੂੰ ਚੰਡੀਗੜ੍ਹ, ਕਾਲਾ ਰੌਣੀ ਤੇ ਜਤਿਨ ਮਾਮੂੰਪੁਰ ਦੀ ਕੁਸ਼ਤੀ ਬਰਾਬਰੀ ਰਹੀ।। ਭੂਰਾ ਧਨਾਸ ਨੇ ਰੈਫਰੀ ਤੇ ਰਾਜੇਸ਼ ਧੀਮਾਨ ਡੱਡੂਮਾਜਰਾ ਨੇ ਕੁਮੈਂਟਰੀ ਕੀਤੀ। ਚੰਡੀਗੜ੍ਹ ਟਰਾਈਸਿਟੀ ਦੇ ਕੁਸ਼ਤੀ ਪ੍ਰੇਮੀਆਂ ਪ੍ਰਧਾਨ ਕੁਲਦੀਪ ਸਿੰਘ ਡੱਡੂ ਮਾਜਰਾ, ਅਰਵਿੰਦਰ ਕਾਲਾ ਬੈਦਵਾਣ ਧਨਾਸ ਤੇ ਸੁਖਵਿੰਦਰ ਸਿੰਘ ਕਾਲਾ ਕਜਹੇੜੀ ਨੇ ਨੌਜਵਾਨ ਪਹਿਲਵਾਨ ਕੁਨਾਲ ਮਲੋਆ ਸਣੇ ਤਿੰਨ ਪਹਿਲਵਾਨਾਂ ਸਨਮਾਨ ਕੀਤਾ।