ਚੰਡੀਗੜ੍ਹ ਦੇ ਆਸਮਾਨ ਵਿੱਚ ਆਖਰੀ ਉਡਾਣ ਭਰੇਗਾ ਸੁਪਰਸੋਨਿਕ ਲੜਾਕੂ ਜਹਾਜ਼ ਮਿਗ-21
ਭਾਰਤੀ ਹਵਾਈ ਸੈਨਾ (IAF) ਦਾ ਮਿਗ-21 (MiG-21) ਅੱਜ(ਸ਼ੁੱਕਰਵਾਰ) ਆਖਰੀ ਵਾਰ ਅਸਮਾਨ ਵਿੱਚ ਗਰਜੇਗਾ ਅਤੇ ਇੱਕ ਸਦੀਵੀ ਵਿਰਾਸਤ ਅਤੇ ਸ਼ਾਨਦਾਰ ਸਫ਼ਰ ਦੀਆਂ ਅਣਗਿਣਤ ਕਹਾਣੀਆਂ ਛੱਡ ਜਾਵੇਗਾ।
ਮਿਗ-21 ਦੇਸ਼ ਦਾ ਪਹਿਲਾ ਸੁਪਰਸੋਨਿਕ ਲੜਾਕੂ ਅਤੇ ਇੰਟਰਸੈਪਟਰ ਜਹਾਜ਼ ਹੈ ਅਤੇ 1960 ਦੇ ਦਹਾਕੇ ਵਿੱਚ ਇਸ ਦੀ ਸ਼ੁਰੂਆਤ ਨੇ ਫੋਰਸ ਨੂੰ ਜੈੱਟ ਯੁੱਗ ਵਿੱਚ ਪਹੁੰਚਾ ਦਿੱਤਾ ਸੀ। ਦਹਾਕਿਆਂ ਤੋਂ ਇਨ੍ਹਾਂ ਸੋਵੀਅਤ-ਯੁੱਗ ਦੀਆਂ ਮਸ਼ੀਨਾਂ ਨੂੰ ਉਡਾਉਣ ਵਾਲੇ ਪਾਇਲਟ ਇਸ ਭਾਰਤੀ ਹਵਾਈ ਸੈਨਾ ਦੇ ਉੱਤਮ ਜਹਾਜ਼ ਨੂੰ ਇੱਕ ਯਾਦਗਾਰੀ ਵਿਦਾਈ ਦੇਣਗੇ।
ਸਾਬਕਾ ਪਾਇਲਟ ਅਤੇ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਏਅਰ ਚੀਫ਼ ਮਾਰਸ਼ਲ ਏ ਵਾਈ ਟਿਪਨਿਸ (ਸੇਵਾਮੁਕਤ) ਨੇ ਕਿਹਾ ‘‘ਮਿਗ-21 ਨੇ ਸਾਨੂੰ ਸਿਖਾਇਆ ਕਿ ਨਵੀਨਤਾਕਾਰੀ ਕਿਵੇਂ ਬਣਨਾ ਹੈ ਅਤੇ ਨਤੀਜੇ ਕਿਵੇਂ ਪੈਦਾ ਕਰਨੇ ਹਨ।’’
ਚੰਡੀਗੜ੍ਹ ਵਿੱਚ ਹੋਣ ਵਾਲੇ ਉੱਚ-ਪ੍ਰੋਫਾਈਲ ਸੇਵਾਮੁਕਤੀ ਸਮਾਰੋਹ ਤੋਂ ਇੱਕ ਦਿਨ ਪਹਿਲਾਂ IAF ਵੱਲੋਂ X 'ਤੇ ਸਾਂਝੇ ਕੀਤੇ ਗਏ ਇੱਕ ਰਿਕਾਰਡ ਕੀਤੇ ਵੀਡੀਓ ਪੋਡਕਾਸਟ ਵਿੱਚ ਉਨ੍ਹਾਂ ਨੇ ਚੁਣੌਤੀਆਂ ਨੂੰ ਯਾਦ ਕੀਤਾ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਅਤੇ ਹੋਰ ਪਾਇਲਟਾਂ ਨੇ ਮਿਗ-21 ਜਹਾਜ਼ ਦੀ ਸ਼ੁਰੂਆਤ ਵੇਲੇ ਕੀਤਾ ਸੀ।
ਸਾਬਕਾ ਹਵਾਈ ਅਧਿਕਾਰੀ ਦੱਸਿਆ ਕਿ ਮਿਗ-21 ਨੇ 1965 ਅਤੇ 1971 ਦੀਆਂ ਜੰਗਾਂ ਵਿੱਚ, ਅਤੇ 1999 ਦੇ ਕਾਰਗਿਲ ਸੰਘਰਸ਼ ਦੇ ਨਾਲ-ਨਾਲ 2019 ਦੀ ਬਾਲਾਕੋਟ ਸਟਰਾਈਕ ਵਿੱਚ ਵੀ ਹਿੱਸਾ ਲਿਆ।
1999 ਵਿੱਚ ਏਅਰ ਸਟਾਫ ਦੇ ਮੁਖੀ ਵਜੋਂ, ਏਅਰ ਚੀਫ਼ ਮਾਰਸ਼ਲ ਟਿਪਨਿਸ ਨੇ ਆਪਰੇਸ਼ਨ ਸਫ਼ੇਦ ਸਾਗਰ ਦੀ ਅਗਵਾਈ ਕੀਤੀ ਸੀ।