ਸੁਖਨਾ ਵਾਈਲਡ ਲਾਈਫ ਸੈਂਚੁਰੀ ਫਾਰੈਸਟ ਆਮ ਲੋਕਾਂ ਲਈ ਖੋਲ੍ਹਿਆ
ਚੰਡੀਗੜ੍ਹ ਵਾਈਲਡ ਲਾਈਫ ਵਿਭਾਗ ਵੱਲੋਂ ਸੁਖਨਾ ਵਾਈਲਡ ਲਾਈਫ ਸੈਂਚੁਰੀ ਨੂੰ ਅੱਜ ਆਮ ਲੋਕਾਂ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ। ਖੋਲ੍ਹਣ ਤੋਂ ਪਹਿਲਾਂ ਦੇਸ਼ ਵਿੱਚ ਮਨਾਏ ਜਾਣ ਵਾਲੇ ਅਕਤੂਬਰ ਦੇ ਪਹਿਲੇ ਹਫ਼ਤੇ ਤਹਿਤ ਚੰਡੀਗੜ੍ਹ ਵਾਈਲਡ ਲਾਈਫ਼ ਵੱਲੋਂ ਵੀ ਵਣਜੀਵ ਹਫ਼ਤਾ ਮਨਾਇਆ ਗਿਆ। ਇਸੇ ਸਬੰਧ ਵਿੱਚ ਟਰੇਕਿੰਗ ਅਤੇ ਵਣਜੀਵ ਵਾਕਾਥੌਨ ਕਰਵਾ ਕੇ ਸੁਖਨਾ ਵਾਈਲਡ ਲਾਈਫ ਸੈਂਚੁਰੀ ਫਾਰੈਸਟ ਦਾ ਉਦਘਾਟਨ ਕੀਤਾ ਗਿਆ। ਇਸ ਸੈਂਚੁਰੀ ਨੂੰ ਨਾਗਰਿਕਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ। ਇਸ ਦਾ ਉਦਘਾਟਨ ਯੂ ਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਮਨਦੀਪ ਸਿੰਘ ਬਰਾੜ ਆਈ ਏ ਐੱਸ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਵਣਪਾਲ ਸੌਰਭ ਕੁਮਾਰ ਆਈ ਐੱਫ ਐੱਸ, ਵਣਪਾਲ ਅਨੂਪ ਕੁਮਾਰ ਸੋਨੀ ਆਈ ਐੱਫ ਐੱਸ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸੈਂਚੁਰੀ ਮੌਨਸੂਨ ਦੌਰਾਨ ਚਾਰ ਮਹੀਨੇ ਤੱਕ ਬੰਦ ਰਹਿੰਦੀ ਹੈ ਜੋ ਹੁਣ ਖੋਲ੍ਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਰੀਬ 10 ਕਿਲੋਮੀਟਰ ਦੀ ਕਰਵਾਈ ਗਈ ਟਰੈਕਿੰਗ ਨੇਪਲੀ ਤੋਂ ਸ਼ੁਰੂ ਹੋ ਕੇ ਅਤੇ ਕਾਂਸਲ ਲੌਗ ਹੱਟ ਤੱਕ ਸੰਪੰਨ ਹੋਈ। ਇਸ ਵਿੱਚ 209 ਜਣਿਆਂ ਨੇ ਤਿੰਨ ਪਹਾੜੀਆਂ ਨੂੰ ਪਾਰ ਕੀਤਾ ਜਿਨ੍ਹਾਂ ਵਿੱਚ ਸਕੂਲੀ ਬੱਚੇ, ਆਮ ਲੋਕ ਅਤੇ ਸੀਨੀਅਰ ਸਿਟੀਜ਼ਨ ਸ਼ਾਮਲ ਰਹੇ। ਕਾਂਸਲ ਲੌਗ ਹੱਟ ’ਤੇ ਟਰੈਕਿੰਗ ਦੇ ਅੰਤ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਇੰਟਰ ਸਕੂਲ ਕੁਇਜ਼ ਸਮੇਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਨਾਗਰਿਕਾਂ ਦੀ ਮੰਗ ’ਤੇ ਬਟਰ ਫਲਾਈ ਪਾਰਕ ਸੈਕਟਰ-26, ਚੰਡੀਗੜ੍ਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਹੁਣ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਣ ਜੀਵ ਹਫ਼ਤੇ ਤਹਿਤ 3 ਤੋਂ 8 ਅਕਤੂਬਰ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।