ਚੰਡੀਗੜ੍ਹ ਵਿੱਚ ਗਿਆਰਵੀਂ ਵਾਰ ਖੁੱਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਅਤੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਮੁੜ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਝੀਲ ਦਾ ਇੱਕ ਫਲੱਡ ਗੇਟ ਸਵੇਰ ਤਿੰਨ ਵਜੇ ਖੋਲ੍ਹ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਅਤੇ ਅੱਜ ਪਾਣੀ ਦਾ ਪੱਧਰ 1163 ਫੁੱਟ ਨੂੰ ਟੱਪ ਗਿਆ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਇਲਾਕੇ ਵਿੱਚ ਚੇਤਾਵਨੀ ਜਾਰੀ ਕਰਦਿਆਂ ਇੱਕ ਫਲੱਡ ਗੇਟ ਖੋਲ੍ਹ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਆਮ ਨਾਲੋਂ ਵਾਧੂ ਮੀਂਹ ਪੈਣ ਕਰਕੇ ਵਾਰ ਵਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਉੱਤੇ ਪਹੁੰਚਦਾ ਰਿਹਾ ਹੈ। ਇਸੇ ਕਰਕੇ ਅੱਜ ਸੁਖਨਾ ਝੀਲ ਦੇ ਗਿਆਰਵੀਂ ਵਾਰ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਸਾਲ 2023 ਵਿੱਚ ਭਾਰੀ ਮੀਂਹ ਪੈਣ ਕਰਕੇ ਸੱਤ ਤੋਂ ਅੱਠ ਵਾਰ ਫਲੱਡ ਗੇਟ ਖੋਲ੍ਹੇ ਗਏ ਸਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 5.8 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਅੱਜ ਤੇ ਭਲਕੇ (18-19 ਸਤੰਬਰ) ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।