ਸੁਖਬੀਰ ਵੱਲੋਂ ਮੁਹਾਲੀ ਦੇ ਸਨਅਤਕਾਰਾਂ ਤੇ ਨਿਵੇਸ਼ਕਾਂ ਨਾਲ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਫੇਜ਼ ਸੱਤ ਦੇ ਸਨਅਤੀ ਖੇਤਰ ਵਿੱਚ ਸਨਅਤਕਾਰਾਂ ਨਾਲ ਅਤੇ ਸੈਕਟਰ 78 ਵਿੱਚ ਰੀਅਲ ਅਸਟੇਟ ਦੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਮੀਟਿੰਗ ਕੀਤੀ। ਦੋਹਾਂ ਥਾਵਾਂ ਉੱਤੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਵੱਲੋਂ ਸੁਖਬੀਰ ਬਾਦਲ ਦੀ ਪ੍ਰੇਰਨਾ ’ਤੇ ਹੜ੍ਹ ਪੀੜਤ ਖੇਤਰਾਂ ਵਿੱਚ ਪਸ਼ੂਆਂ ਲਈ 50 ਟਰੱਕ ਫੀਡ ਅਤੇ ਪਸ਼ੂ ਆਚਾਰ ਭੇਜਣ ਦਾ ਫੈਸਲਾ ਕੀਤਾ। ਇਨ੍ਹਾਂ ਵਸਤਾਂ ਉੱਤੇ ਪੰਜਾਹ ਲੱਖ ਦੇ ਕਰੀਬ ਰਾਸ਼ੀ ਖਰਚ ਹੋਵੇਗੀ, ਜਿਹੜੀ ਕਿ ਸਨਅਤਕਾਰ ਅਤੇ ਕਾਰੋਬਾਰੀ ਅਦਾ ਕਰਨਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਾਰਿਆਂ ਨੂੰ ਹੜ੍ਹ ਪੀੜਤਾਂ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿਹਾ ਕਿ ਅਕਾਲੀ ਦਲ ਵੱਲੋਂ ਜਲੰਧਰ ਵਿੱਚ ਬਾਕਾਇਦਾ ਰਾਹਤ ਕੈਂਪ ਚਾਲੂ ਕਰਕੇ ਲੋਕਾਂ ਦੀ ਮੰਗ ਦੀ ਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚੋਂ ਅਕਾਲੀ ਵਰਕਰ ਰਾਹਤ ਸਮੱਗਰੀ ਭੇਜ ਰਹੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਵਿੱਤੀ ਸਮਰੱਥਾ ਅਨੁਸਾਰ ਅੱਜ ਹਰ ਪੰਜਾਬੀ ਨੂੰ ਆਪਣੇ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਜ਼ਿੰਦਗੀ ਮੁੜ੍ਹ ਲੀਹ ’ਤੇ ਲਿਆਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਡਾ ਦਲਜੀਤ ਸਿੰਘ ਚੀਮਾ, ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਤੇਜਿੰਦਰ ਸਿੰਘ ਮਿੱਡੂਖੇੜਾ, ਪ੍ਰਿਥੀਪਾਲ ਸਿੰਘ ਬੋਪਾਰਾਏ, ਗੁਰਮੀਤ ਸਿੰਘ ਭਾਟੀਆ, ਡਾ. ਕਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਡਡਵਾਲ, ਰਮਨਦੀਪ ਸਿੰਘ ਬਾਵਾ, ਪ੍ਰਦੀਪ ਸਿੰਘ ਭਾਰਜ, ਕਰਮ ਸਿੰਘ ਬਬਰਾ, ਸਮਸ਼ੇਰ ਪੁਰਖਾਲਵੀ ਹਾਜ਼ਰ ਸਨ।