ਸੁਖਬੀਰ ਬਾਦਲ ਵੱਲੋਂ 50 ਹਜ਼ਾਰ ਪਰਿਵਾਰਾਂ ਲਈ ਕਣਕ ਦੇਣ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਅੱਜ ਚਮਕੌਰ ਸਾਹਿਬ ਦੀ ਅਨਾਜ ਮੰਡੀ ਤੋਂ ਪਸ਼ੂਆਂ ਲਈ ਚਾਰੇ ਦੇ 100 ਟਰੱਕ ਵੱਖ-ਵੱਖ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਰਵਾਨਾ ਕੀਤੇ ਗਏ। ਇਨ੍ਹਾਂ ਜ਼ਿਲ੍ਹਿਆਂ ਵਿੱਚ ਜਲੰਧਰ, ਗੁਰਦਾਸਪੁਰ, ਰੂਪਨਗਰ, ਐਸ.ਬੀ.ਐਸ. ਨਗਰ ਅਤੇ ਹੋਰ ਕਈ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਸ਼ਾਮਲ ਹਨ। ਸੁਖਬੀਰ ਸਿੰਘ ਬਾਦਲ ਨੇ ਟਰੱਕ ਰਵਾਨਾ ਕਰਨ ਤੋਂ ਪਹਿਲਾਂ ਇੱਥੇ ਅਰਦਾਸ ਕੀਤੀ ਅਤੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੜ੍ਹ ਪੀੜਤ ਲੋਕਾਂ ਤੇ ਉਨ੍ਹਾਂ ਦੇ ਪਸ਼ੂਆਂ ਦੀ ਮਦਦ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਵਾਅਦਾ ਕੀਤਾ ਕਿ 50 ਹਜ਼ਾਰ ਹੜ੍ਹ ਪੀੜਤ ਪਰਿਵਾਰਾਂ ਨੂੰ ਅਕਾਲੀ ਦਲ ਵੱਲੋਂ ਕਣਕ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਕਿਸੇ ਨੂੰ ਭੁੱਖੇ ਨਾ ਸੌਣਾ ਪਵੇ। ਸੁਖਬੀਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜੀਆਂ ਗਈਆਂ ਟੀਮਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਪੰਜਾਬ ਵਿੱਚ 4 ਲੱਖ ਏਕੜ ਤੋਂ ਵੱਧ ਖੇਤਾਂ ਵਿੱਚ ਖੜ੍ਹੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਇਹ ਸਿਰਫ਼ ਕਿਸਾਨਾਂ ਦਾ ਹੀ ਨਹੀਂ, ਸੂਬੇ ਦੀ ਆਰਥਿਕਤਾ ਲਈ ਵੀ ਇਕ ਵੱਡਾ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਸਿਰਫ ਹੌਸਲੇ ਦੀ ਹੀ ਨਹੀਂ ਸਗੋਂ ਸਾਥ ਅਤੇ ਮੱਦਦ ਦੀ ਵੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਅਕਾਲੀ ਦਲ ਵਲੋਂ ਕਿਸਾਨਾਂ ਨੂੰ ਜ਼ਮੀਨ ਪੱਧਰੀ ਕਰਨ ਲਈ ਟਰੈਕਟਰ ਅਤੇ ਨਵੀਂ ਫਸਲ ਬੀਜਣ ਲਈ ਬੀਜ ਵੀ ਉਪਲਬਧ ਕਰਵਾਏ ਜਾਣਗੇ। ਇਸ ਮੌਕੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਬੰਟੀ ਰੋਮਾਣਾ, ਹਰਮੋਹਣ ਸਿੰਘ ਸੰਧੂ, ਬਲਦੇਵ ਸਿੰਘ ਹਾਫਿਜ਼ਾਬਾਦ, ਜਗਪਾਲ ਸਿੰਘ ਜੌਲੀ, ਬਿੱਟੂ ਕੰਗ, ਨਿਰਮਲ ਸਿੰਘ ਰੰਗਾਂ, ਪਰਮਜੀਤ ਸਿੰਘ ਅਤੇ ਕ੍ਰਿਪਾਲ ਸਿੰਘ ਆਦਿ ਹਾਜ਼ਰ ਸਨ।