ਖ਼ੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ
ਹਰਿਆਣਾ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਵੱਲੋਂ ਖ਼ੁਦਕੁਸ਼ੀ ਕੀਤਿਆਂ ਛੇ ਦਿਨ ਬੀਤ ਗਏ ਹਨ ਪਰ ਹਾਲੇ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸੱਕਿਆ ਹੈ। ਅੱਜ ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਹਿਰ ਵਿੱਚੋਂ ਮੋਮਬੱਤੀ ਮਾਰਚ ਕੀਤਾ। ਇਹ ਮੋਮਬੱਤੀ ਮਾਰਚ ਸੈਕਟਰ-22 ਸਥਿਤ ਅਰੋਮਾ ਲਾਈਟ ਪੁਆਇੰਟ ’ਤੇ ਕੀਤਾ ਗਿਆ। ‘ਆਪ’ ਆਗੂਆਂ ਨੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਵਿਜੈਪਾਲ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਅਨੁਸੂਚਿਤ ਜਨ ਜਾਤੀ ਦੇ ਲੋਕਾਂ ਵਿਰੁੱਧ ਅਪਰਾਧਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਡੀਜੀਪੀ ਪੂਰਨ ਕੁਮਾਰ ਨੇ ਆਪਣੀ 30 ਸਾਲਾਂ ਦੀ ਨੌਕਰੀ ਦੌਰਾਨ ਨਿਆਂ ਤੇ ਇਮਾਨਦਾਰੀ ਨਾਲ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਪੂਰਨ ਕੁਮਾਰ ਦੇ ਆਖਰੀ ਪੱਤਰ ਵਿੱਚ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਸਾਰੇ ਅਧਿਕਾਰੀਆਂ ਦੇ ਨਾਮ ਲਿਖੇ ਹਨ, ਜਿਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਚਾਣੀ ਚਾਹੀਦੀ ਹੈ।
ਜਨਰਲ ਸਕੱਤਰ ਓਂਕਾਰ ਸਿੰਘ ਔਲਖ ਨੇ ਕਿਹਾ ਕਿ ਅੱਜ ‘ਆਪ’ ਵੱਲੋਂ ਸ਼ਾਂਤਮਈ ਮੋਮਬੱਤੀ ਮਾਰਚ ਕਰਕੇ ਸਿਰਫ਼ ਵਾਈ ਪੂਰਨ ਕੁਮਾਰ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਜਾ ਰਹੀ ਹੈ, ਸਗੋਂ ‘ਆਪ’ ਵੱਲੋਂ ਮਾਰਚ ਰਾਹੀਂ ਹਰਿਆਣਾ ਤੇ ਚੰਡੀਗੜ੍ਹ ਸਣੇ ਦੇਸ਼ ਭਰ ਵਿੱਚ ਪ੍ਰਸ਼ਾਸਕੀ ਨਾਕਾਮੀ ਅਤੇ ਜਾਤੀਵਾਦ ਖਿਲਾਫ਼ ਜਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਅਨਿਆਂ ਅਤੇ ਪੀੜਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗੀ। ਜੇਕਰ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਲਦੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ‘ਆਪ’ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਧਰਮ ਤੇ ਜਾਤਪਾਲ ਦੀ ਰਾਜਨੀਤੀ ਕੀਤੀ ਜਾਂਦੀ ਹੈ, ਜਦੋਂ ਕਿ ‘ਆਪ’ ਵੱਲੋਂ ਲੋਕ ਹਿੱਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਵਿੱਚ ਆਮ ਘਰਾਂ ਦੇ ਬੱਚੇ ਅੱਗੇ ਆ ਕੇ ਲੋਕ ਹਿੱਤ ਵਿੱਚ ਲੱਗੇ ਹੋਏ ਹਨ, ਜਿਸ ਨੂੰ ਭਾਜਪਾ ਬਰਦਾਸ਼ਤ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਲੋਕ ਹਿੱਤ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਪੀਪੀ ਘਈ, ਐਡਵੋਕੇਟ ਖੁਰਚਾ, ਯੋਗੇਸ਼ ਢੀਂਗਰਾ, ਪ੍ਰੇਮਲਤਾ, ਹਰਦੀਪ ਸਿੰਘ, ਮਨੌਵਰ, ਜਸਵਿੰਦਰ ਕੌਰ, ਅੰਜੂ ਕਟਿਆਰ, ਰਾਮਚੰਦਰ ਯਾਦਵ, ਵਿਕਰਾਂਤ ਏ ਤੰਵਰ ਸਣੇ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਰਹੇ।