ਆਬਕਾਰੀ ਨੀਤੀ ਲਈ ਸੁਝਾਅ ਮੰਗੇ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਦੋ-ਤਿੰਨ ਸਾਲਾਂ ਤੋਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮਿਲ ਰਹੇ ਮੱਠੇ ਹੁੰਗਾਰੇ ਤੋਂ ਬਾਅਦ ਯੂਟੀ ਪ੍ਰਸ਼ਾਸਨ ਵੱਲੋਂ ਵਿੱਤ ਵਰ੍ਹੇ 2026-27 ਵਿੱਚ ਆਬਕਾਰੀ ਨੀਤੀ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਸ਼ਰਾਬ ਠੇਕੇਦਾਰ ਮੁੜ ਤੋਂ ਠੇਕਿਆਂ ਦੀ ਖ਼ਰੀਦ ਵਿੱਚ ਦਿਲਚਸਪੀ ਦਿਖਾ ਸਕਣ। ਇਸੇ ਲਈ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਵਿੱਤ ਵਰ੍ਹੇ 2026-27 ਦੀ ਆਬਕਾਰੀ ਨੀਤੀ ਲਈ ਲੋਕਾਂ ਦੇ ਸੁਝਾਅ ਮੰਗੇ ਹਨ। ਇਸ ਲਈ ਚਾਹਵਾਨ ਸ਼ਰਾਬ ਕਾਰੋਬਾਰੀ ਜਾਂ ਆਮ ਲੋਕ ਵੀ 30 ਦਸੰਬਰ ਤੱਕ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲੇ ਸਾਲ ਦੀ ਆਬਕਾਰੀ ਨੀਤੀ ਤਿਆਰ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਨੇ ਪਿਛਲੇ ਸਾਲਾਂ ਵਿੱਚ ਸ਼ਰਾਬ ਠੇਕਿਆਂ ਦੀ ਨਿਲਾਮੀ ਵਿੱਚ ਮਿਲ ਰਹੇ ਮੱਠੇ ਹੁੰਗਾਰੇ ਨੂੰ ਦੇਖਦਿਆਂ ਇਸ ਸਾਲ ਠੇਕਿਆਂ ਦੀ ਰਾਖਵੀਂ ਕੀਮਤ ਵਿੱਚ ਕਟੌਤੀ ਕਰ ਦਿੱਤੀ ਸੀ। ਇਸ ਦੇ ਬਾਵਜੂਦ ਚੰਡੀਗੜ੍ਹ ਵਿੱਚ ਕੁੱਲ 97 ਸ਼ਰਾਬ ਦੇ ਠੇਕਿਆਂ ਵਿੱਚੋਂ 92 ਹੀ ਨਿਲਾਮ ਹੋ ਸਕੇ ਹਨ ਜਦੋਂਕਿ 5 ਠੇਕੇ ਨਿਲਾਮ ਨਹੀਂ ਹੋਏ ਹਨ। ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਆਬਕਾਰੀ ਤੋਂ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 19.69 ਫ਼ੀਸਦ ਵੱਧ ਮਾਲੀਆ ਇਕੱਠਾ ਕਰਨ ਵਿੱਚ ਕਾਮਯਾਬ ਰਿਹਾ ਹੈ। 30 ਨਵੰਬਰ ਤੱਕ ਪ੍ਰਸ਼ਾਸਨ ਨੇ ਆਬਕਾਰੀ ਤੋਂ 693 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ ਜਦੋਂਕਿ ਪਿਛਲੇ ਸਾਲ 30 ਨਵੰਬਰ 2024 ਤੱਕ ਇਹ 579 ਕਰੋੜ ਰੁਪਏ ਸੀ।
