ਸਬ ਡਿਵੀਜ਼ਨ ਕੰਪਲੈਕਸ ਦੀ ਇਮਾਰਤ ਅੱਧ ਵਿਚਾਲੇ ਲਟਕੀ
ਪ੍ਰਾਪਤ ਸੂਚਨਾ ਮੁਤਾਬਕ ਗਰਾਂਟ ਨਾ ਪਹੁੰਚਣ ਕਾਰਨ ਇਸ ਦਾ ਕੰਮ ਵਿਚਕਾਰ ਹੀ ਠੱਪ ਹੋ ਗਿਆ ਜਿਸ ਕਾਰਨ ਇਹ ਇਮਾਰਤ ਖੰਡਰ ਦਾ ਰੂਪ ਧਾਰ ਰਹੀ ਹੈ। ਇਸ ਨੀਂਹ ਪੱਥਰ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੋਂ ਇਲਾਵਾ ਉਸ ਸਮੇਂ ਦੇ ਮਾਲ ਮੁੜ ਵਸੇਵਾ ਅਤੇ ਆਫ਼ਤ ਸਬੰਧੀ ਮੰਤਰੀ ਗੁਰਪ੍ਰੀਤ ਸਿੰਘ ਕਾਗੜ ਅਤੇ ਤਤਕਾਲੀ ਵਿਧਾਇਕ ਰਣਦੀਪ ਸਿੰਘ ਦਾ ਨਾਮ ਵੀ ਦਰਜ ਹੈ। ਇਮਾਰਤ ਮੁਕੰਮਲ ਨਾ ਹੋਣ ਕਾਰਨ ਇੱਥੇ ਵੱਡਾ-ਵੱਡਾ ਘਾਹ ਉੱਗ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਇਹ ਕੰਪਲੈਕਸ ਸਾਲ ਵਿੱਚ ਸਾਢੇ ਚਾਰ ਕਰੋੜ ਦੀ ਲਾਗਤ ਨਾਲ ਮੁਕੰਮਲ ਹੋਣਾ ਸੀ, ਜਿਸ ਵਿੱਚ ਐੱਸ ਡੀ ਐੱਮ ਅਤੇ ਤਹਿਸੀਲ ਦਫ਼ਤਰ ਸ਼ਾਮਲ ਸੀ। ਬਾਅਦ ਵਿੱਚ ਇਸ ਕੰਪਲੈਕਸ ’ਚ ਪਟਵਾਰ ਸਟੇਸ਼ਨ ਵੀ ਜੋੜ ਦਿੱਤਾ ਗਿਆ ਅਤੇ ਇਸ ਦੀ ਲਾਗਤ 7 ਕਰੋੜ ਦੇ ਕਰੀਬ ਹੋ ਗਈ ਪਰ ਲੋੜੀਦੀ ਗਰਾਂਟ ਨਾ ਆਉਣ ਕਾਰਨ ਇਹ ਕਾਰਜ ਵਿਚਾਲੇ ਲਟਕ ਰਿਹਾ ਹੈ। ਮੌਜੂਦਾ ਸਮੇਂ ਐੱਸ ਡੀ ਐੱਮ ਅਤੇ ਤਹਿਸੀਲ ਦਫ਼ਤਰ ਪੁਰਾਣੇ ਕਿਲ੍ਹੇ ਦੇ ਅੰਦਰ ਚੱਲ ਰਿਹਾ ਹੈ, ਜਿੱਥੇ ਲੋਕਾਂ ਨੂੰ ਕੰਮਾਂ ਲਈ ਮੁੱਖ ਬਾਜ਼ਾਰ ਵਿੱਚੋਂ ਲੰਘਣਾ ਪੈਦਾ ਹੈ ਅਤੇ ਜਗ੍ਹਾ ਦੀ ਘਾਟ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਫੰਡ ਦੀ ਘਾਟ ਕਾਰਨ ਕੰਪਲੈਕਸ ਦਾ ਕੰਮ ਬੰਦ ਪਿਆ ਹੈ ਅਤੇ ਚਾਰਦੀਵਾਰੀ ਨਾ ਹੋਣ ਕਾਰਨ ਸਾਮਾਨ ਚੋਰੀ ਹੋਣ ਦਾ ਵੀ ਖਤਰਾ ਰਹਿੰਦਾ ਹੈ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਜਿਸ ਕਾਰਨ ਇਹ ਪ੍ਰਾਜੈਕਟ ਵਿਚਕਾਰ ਹੀ ਠੱਪ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਢੇ ਚਾਰ ਕਰੋੜ ਰੁਪਏ ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਨਵੇਂ ਬਜਟ ਵਿੱਚ ਪਾਉਣ ਲਈ ਭੇਜਿਆ ਗਿਆ ਹੈ ਅਤੇ ਪ੍ਰਵਾਨਗੀ ਮਗਰੋਂ ਲੋੜੀਂਦੇ ਫੰਡ ਜਾਰੀ ਕਰਵਾ ਕੇ ਇਸ ਨੂੰ ਮੁਕੰਮਲ ਕਰਵਾਇਆ ਜਾਵੇਗਾ।
