ਵਿਦਿਆਰਥੀ ਆਪਣਾ ਗਿਆਨ ਦੇਸ਼ ਦੀ ਭਲਾਈ ਲਈ ਵਰਤਣ: ਕਟਾਰੀਆ
ਪੰਜਾਬ ਦੇ ਰਾਜਪਾਲ ਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇੰਜਨੀਅਰਿੰਗ ਕਰ ਚੁੱਕੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਅਤੇ ਵਿਕਸਤ ਭਾਰਤ @2047 ਵਰਗੀਆਂ ਮੁਹਿੰਮਾਂ ਵਿਚ ਯੋਗਦਾਨ ਪਾਉਣ ਤੇ ਆਪਣੇ ਗਿਆਨ ਨੂੰ ਦੇਸ਼ ਦੀ ਭਲਾਈ ਲਈ ਵਰਤਣ। ਉਨ੍ਹਾਂ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਦੇ ਡਿਗਰੀ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਕਈ ਗੁਰ ਦੱਸੇ। ਇਸ ਮੌਕੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ, ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਡਾਇਰੈਕਟਰ ਤਕਨੀਕੀ ਸਿੱਖਿਆ ਰੁਬਿੰਦਰਜੀਤ ਸਿੰਘ ਬਰਾੜ ਤੇ ਹੋਰ ਅਧਿਕਾਰੀ ਮੌਜੂਦ ਸਨ। ਪੈਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਦੱਸੀਆਂ।
ਸ੍ਰੀ ਕਟਾਰੀਆ ਨੇ ਕਿਹਾ ਕਿ ਗਿਆਨ ਸਭ ਤੋਂ ਵੱਡੀ ਦੌਲਤ ਹੈ। ਇਸ ਨੂੰ ਦੇਸ਼ ਅਤੇ ਸਮਾਜ ਦੀ ਭਲਾਈ ਲਈ ਵਰਤਣਾ ਸਾਡਾ ਫ਼ਰਜ਼ ਹੈ। ਉਨ੍ਹਾਂ ਭਵਤੇਗ ਸਿੰਘ ਗਿੱਲ ਨੂੰ 67ਵੀਂ ਨੈਸ਼ਨਲ ਸ਼ੂਟਿੰਗ (ਸਕੀਟ ਮੈਨ) ਚੈਂਪੀਅਨਸ਼ਿਪ 2024 ਵਿੱਚ ਤਿੰਨ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਡਾ. ਸ਼ਿਮੀ ਐੱਸ ਐੱਲ ਨੂੰ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤੇ ਕੌਮੀ ਅਧਿਆਪਕ ਪੁਰਸਕਾਰ 2024 ਲਈ ਸਨਮਾਨਿਆ। ਇਸ ਤੋਂ ਇਲਾਵਾ ਡਾ. ਅਲਕੇਸ਼ ਮੰਨਾ, ਡਾ. ਕਮਲ ਕੁਮਾਰ, ਅਤੇ ਡਾ. ਸਿਮਰਨਜੀਤ ਸਿੰਘ ਨੂੰ ਦੁਨੀਆਂ ਦੇ ਸਿਖਰਲੇ ਦੋ ਫ਼ੀਸਦੀ ਵਿਗਿਆਨੀਆਂ ਦੀ ਸੂਚੀ ’ਚ ਸ਼ਾਮਲ ਹੋਣ ’ਤੇ ਵਧਾਈ ਦਿੱਤੀ।
ਉਨ੍ਹਾਂ ਮੈਰਟੋਰੀਅਸ ਵਿਦਿਆਰਥੀਆਂ ਨੂੰ ਸੋਨੇ ਦੇ ਤਗ਼ਮੇ ਦਿੱਤੇ ਤੇ ਡਾਕਟਰ ਆਫ ਸਾਇੰਸ (ਡੀ ਐੱਸ ਸੀ) (ਆਨਰਿਸ ਕੌਜ਼ਾ) ਦੀ ਡਿਗਰੀ ਰਾਵਿੰਦਰ ਕੁਮਾਰ ਤਿਆਗੀ (ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਪਾਵਰਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ) ਨੂੰ ਦਿੱਤੀ ਗਈ। ਇਸ ਮੌਕੇ ਕੁੱਲ 683 ਬੀ ਟੈੱਕ, 56 ਐੱਮ ਟੈੱਕ ਅਤੇ 40 ਪੀਐੱਚ ਡੀ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਨ੍ਹਾਂ ’ਚੋਂ 667 ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ’ਤੇ ਸਨਮਾਨਿਆ ਗਿਆ।