ਪੀ ਯੂ ਵਿੱਚ ਵਿਦਿਆਰਥੀਆਂ ਨੇ ਗੇਟ ਨੰਬਰ 2 ਬੰਦ ਕੀਤਾ
ਇਸ ਸਬੰਧੀ ਗੱਲਬਾਤ ਕਰਦਿਆਂ ਵਿਦਿਆਰਥੀ ਆਗੂ ਅਸ਼ਮੀਤ ਸਿੰਘ, ਅਵਤਾਰ ਸਿੰਘ, ਗਗਨ, ਜ਼ੋਬਨ ਅਤੇ ਵਿੱਕੀ ਧਨੋਆ ਆਦਿ ਨੇ ਦੱਸਿਆ ਕਿ ਵਾਈਸ ਚਾਂਸਲਰ ਦਫ਼ਤਰ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨਾਲ ਅੱਜ ਬਾਅਦ ਦੁਪਹਿਰ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਇਹ ਗੱਲ ਤੈਅ ਹੋਈ ਸੀ ਕਿ ਅਥਾਰਟੀ 26 ਨਵੰਬਰ ਨੂੰ ਲਈ ਜਾਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਚੁੱਕੀ ਹੈ ਅਤੇ ਕੈਂਪਸ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਇਸ ਛੁੱਟੀ ਬਾਰੇ ਬਾਕਾਇਦਾ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਨੂੰ ਕਨਸੋਆ ਮਿਲੀਆਂ ਕਿ ਈਵਨਿੰਗ ਸਟੱਡੀਜ਼ ਵਿਭਾਗ ਦੇ ਲਗਭਗ 200 ਵਿਦਿਆਰਥੀਆਂ ਦੀ ਭਲਕੇ 26 ਨਵੰਬਰ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਨਹੀਂ ਕੀਤੀ ਗਈ। ਇਸ ਵਿਭਾਗ ਦੇ ਬੀ.ਏ. ਭਾਗ ਪਹਿਲਾ ਅਤੇ ਭਾਗ ਤੀਜਾ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਲਈ ਅਥਾਰਟੀ ਨੇ ਸੈਂਟਰ ਬਦਲ ਕੇ ਚੰਡੀਗੜ੍ਹ ਦੇ ਕਿਸੇ ਪ੍ਰਾਈਵੇਟ ਕਾਲਜ ਵਿੱਚ ਕਰ ਦਿੱਤਾ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅਥਾਰਟੀ ਵੱਲੋਂ ਅਚਾਨਕ ਸੈਂਟਰ ਬਦਲਣ ਕਰਕੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬਹੁਤਿਆਂ ਨੂੰ ਤਾਂ ਮੌਕੇ ਉੱਤੇ ਸੂਚਨਾ ਵੀ ਨਹੀਂ ਮਿਲ ਸਕੀ। ਇਸ ਲਈ ਕਾਫ਼ੀ ਵਿਦਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਅਥਾਰਟੀ ਦਾ ਇਹ ਕਦਮ ਜਿੱਥੇ ਵਿਦਿਆਰਥੀ ਵਿਰੋਧੀ ਹੈ, ਉਸ ਦੇ ਨਾਲ ਹੀ ਸੈਨੇਟ ਚੋਣਾਂ ਕਰਵਾਉਣ ਲਈ ਧਰਨਾਕਾਰੀ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਮੁਤਾਬਕ ਸ਼ਡਿਊਲ ਜਾਰੀ ਕਰਨ ਤੋਂ ਵੀ ਭੱਜਣਾ ਸਾਬਤ ਹੁੰਦਾ ਹੈ।
ਵਿਦਿਆਰਥੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਰਾਣੀ 91 ਮੈਂਬਰੀ ਸੈਨੇਟ ਚੋਣਾਂ ਕਰਵਾਉਣ ਬਾਰੇ ਸ਼ਡਿਊਲ ਜਾਰੀ ਨਹੀਂ ਹੋ ਜਾਂਦਾ ਉਦੋਂ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਭਲਕੇ 26 ਨਵੰਬਰ ਨੂੰ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚਣ ਵਾਲੇ ਲੋਕਾਂ ਨੂੰ ਪੰਜਾਬ ਯੂਨੀਵਰਸਿਟੀ ਅਥਾਰਟੀ ਦੀ ਵਿਦਿਆਰਥੀਆਂ ਨਾਲ ਲੁੱਕਣਮੀਟੀ ਖੇਡੇ ਜਾਣ ਬਾਰੇ ਵੀ ਦੱਸਿਆ ਜਾਵੇਗਾ।
