ਗਾਰਡਰ ਵੱਜਣ ਕਾਰਨ ਵਿਦਿਆਰਥੀ ਜ਼ਖ਼ਮੀ
ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਚੱਲ ਰਹੇ ਬਿਲਡਿੰਗ ਨਿਰਮਾਣ ਦੇ ਕੰਮ ਦੌਰਾਨ ਵਿਦਿਆਰਥੀ ਦੇ ਸੱਟ ਲੱਗ ਗਈ। ਸਥਾਨਕ ਮਾਸਟਰ ਕਲੋਨੀ ਨਿਵਾਸੀ ਸੂਰਜ ਕੁਮਾਰ ਤੇ ਪੂਜਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੁਨੀਤ ਸ਼ਰਮਾ ਕੁਰਾਲੀ ਦੇ ਸਨਫੀਲਡ ਸਕੂਲ ’ਚ ਅੱਠਵੀਂ ਕਲਾਸ ਵਿੱਚ ਪੜ੍ਹਦਾ ਹੈ। ਸਕੂਲ ਵਿੱਚ ਬਿਲਡਿੰਗ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿੱਥੋਂ ਲੰਘਦੇ ਸਮੇਂ ਪੁਨੀਤ ਦੀਵਾਰ ’ਚੋਂ ਨਿਕਲਿਆ ਲੋਹੇ ਦਾ ਗਾਰਡਰ ਵੱਜਣ ਕਾਰਨ ਉਸ ਦੀ ਅੱਖ ਤੇ ਮੱਥੇ ’ਤੇ ਸੱਟ ਲੱਗੀ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕ ਪੁਨੀਤ ਨੂੰ ਸ਼ਹਿਰ ਦੇ ਹੀ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਪੀਜੀਆਈ ਲਿਜਾਣ ਲਈ ਗੱਡੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਫੇਜ਼ 6 ਦੇ ਹਸਪਤਾਲ ਵਿੱਚ ਪੁਨੀਤ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਪੁਨੀਤ ਦੇ ਮੱਥੇ ਤੇ ਅੱਖ ਦੀ ਹੱਡੀ ’ਚ ਫਰੈਕਚਰ ਹੋਣ ਕਾਰਨ ਅੱਖ ਦੀ ਰੌਸ਼ਨੀ ਜਾਣ ਦਾ ਖਦਸ਼ਾ ਹੈ। ਦੂਜੇ ਪਾਸੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬ੍ਰਿਗੇਡੀਅਰ ਏ ਐੱਸ ਹੁੰਦਲ ਨੇ ਲਾਪ੍ਰਵਾਹੀ ਦੇ ਦੋਸ਼ ਨਕਾਰਦਿਆਂ ਕਿਹਾ ਕਿ ਵਿਦਿਆਰਥੀ ਨੂੰ ਸਕੂਲ ਸਟਾਫ਼ ਹੀ ਹਸਪਤਾਲ ਲੈ ਕੇ ਗਿਆ ਸੀ।
