ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦਿਆਰਥੀ ਕੌਂਸਲ ਦੇ ਅਹੁਦੇਦਾਰਾਂ ਨੇ ਸਹੁੰ ਚੁੱਕੀ

ਪੰਜਾਬ ਯੂਨੀਵਰਸਿਟੀ ਕੈਂਪਸ ’ਚ ਸਮਾਗਮ; ਏ ਬੀ ਵੀ ਪੀ ਵੱਲੋਂ ਵੱਖਰੇ ਤੌਰ ’ਤੇ ਸਹੁੰ ਚੁੱਕ ਸਮਾਗਮ
ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਅਹੁਦਾ ਸੰਭਾਲਦੇ ਹੋਏ।
Advertisement

ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਦੀ ਮੌਜੂਦਗੀ ਵਿੱਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਹੁਦਿਆਂ ਦੀ ਸਹੁੰ ਚੁਕਾਈ ਗਈ। ਹਾਲਾਂਕਿ ਪੀ.ਯੂ. ਅਥਾਰਿਟੀ ਵੱਲੋਂ ਜੁਆਲੋਜੀ ਵਿਭਾਗ ਦੇ ਆਡੀਟੋਰੀਅਮ ਵਿੱਚ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਸਾਰੇ ਅਹੁਦੇਦਾਰਾਂ ਨੇ ਸਹੁੰ ਚੁੱਕੀ ਪ੍ਰੰਤੂ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਤੋਂ ਪ੍ਰਧਾਨਗੀ ਦੀ ਚੋਣ ਜਿੱਤ ਚੁੱਕੇ ਗੌਰਵਵੀਰ ਸੋਹਲ ਨੇ ਲਾਅ ਆਡੀਟੋਰੀਅਮ ਵਿੱਚ ਏ ਬੀ ਵੀ ਪੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿੱਚ ਸਹੁੰ ਚੁੱਕੀ।

ਸਮਾਗਮ ਵਿੱਚ ਖਾਸ ਗੱਲ ਇਹ ਰਹੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਿਸ਼ਨ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਵਿਦਿਆਰਥੀ ਜਥੇਬੰਦੀ ‘ਸੱਥ’ ਤੋਂ ਚੋਣ ਜਿੱਤ ਕੇ ਮੀਤ ਪ੍ਰਧਾਨ ਬਣੇ ਅਸ਼ਮੀਤ ਸਿੰਘ ਨੇ ਵਾਈਸ ਚਾਂਸਲਰ ਅਤੇ ਡੀ ਐੱਸ ਡਬਲਯੂ ਪ੍ਰੋ. ਅਮਿਤ ਚੌਹਾਨ ਦੀ ਮੌਜੂਦਗੀ ਵਿੱਚ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕ ਕੇ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ ਕੀਤੀ। ਇਸ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਵਿੱਚ ਕੌਂਸਲ ਦੇ ਸਕੱਤਰ ਅਭਿਸ਼ੇਕ ਡਾਗਰ, ਕਾਰਜਕਾਰੀ ਮੈਂਬਰ ਆਕਾਂਕਸ਼ਾ ਠਾਕੁਰ, ਕਿਸਮਤ ਪਲਸਰਾ, ਪ੍ਰਿਆ, ਰਵਕਰਨ ਸਿੰਘ, ਸ਼ਿਵਨੰਦਨ ਰਿਖੀ ਅਤੇ ਵਿਭਾਗੀ ਪ੍ਰਤੀਨਿਧੀਆਂ ਨੇ ਵੀ ਵਾਈਸ ਚਾਂਸਲਰ, ਫੈਕਲਟੀ, ਵਿਦਿਆਰਥੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਪੋ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ। ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਪੀ.ਯੂ. ਵਿਦਿਆਰਥੀ ਕੌਂਸਲ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਵੱਡੇ ਪੱਧਰ ’ਤੇ ਯਤਨ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੇ ਪਰਿਵਾਰਾਂ, ਯੂਨੀਵਰਸਿਟੀ, ਆਪਣੇ ਸ਼ਹਿਰ, ਪਿੰਡਾਂ ਅਤੇ ਰਾਜ ਨੂੰ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਕਰ ਸਕਣ। ਉਨ੍ਹਾਂ ਨੇ ਕੌਂਸਲ ਨੂੰ ਵਾਤਾਵਰਨ ਸੰਭਾਲ, ਜਲਵਾਯੂ ਪਰਿਵਰਤਨ, ਨਸ਼ਾ ਮੁਕਤ ਕੈਂਪਸ, ਲੜਕੀਆਂ ਨਾਲ ਛੇੜਛਾੜ ਵਰਗੇ ਮੁੱਦਿਆਂ ਤੋਂ ਵਿਦਿਆਰਥੀਆਂ ਦੀ ਸੁਰੱਖਿਆ ਵਰਗੇ ਖੇਤਰਾਂ ਵਿੱਚ ਅਗਵਾਈ ਕਰਨ ਅਤੇ ਕੈਂਪਸ ਵਿੱਚ ਇੱਕ ਸਿਹਤਮੰਦ ਅਕਾਦਮਿਕ ਮਾਹੌਲ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਉਮੀਦਾਂ ਦੇ ਅਨੁਸਾਰ ਆਪਣੀ ਪੜ੍ਹਾਈ, ਕਰੀਅਰ ਅਤੇ ਉੱਚ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਦੂਜੇ ਪਾਸੇ ਲਾਅ ਆਡੀਟੋਰੀਅਮ ਵਿੱਚ ਏ ਬੀ ਵੀ ਪੀ ਵੱਲੋਂ ਕਰਵਾਏ ਗਏ ਵੱਖਰੇ ਸਮਾਗਮ ਵਿੱਚ ਪ੍ਰਧਾਨ ਗੌਰਵ ਵੀਰ ਸੋਹਲ ਨੂੰ ਸਮਾਗਮ ਵਿੱਚ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਨੇ ਜਿੱਤ ਲਈ ਵਧਾਈ ਦਿੱਤੀ। ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਸਹੁੰ ਚੁੱਕਣ ਉਪਰੰਤ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਸਟੂਡੈਂਟਸ ਸੈਂਟਰ ਤੱਕ ਪੈਦਲ ਚੱਲ ਕੇ ਗਏ ਜਿੱਥੇ ਕਿ ਸਿੱਖ ਇਤਿਹਾਸਕਾਰ ਤੇ ਫਿਲਾਸਫਰ ਅਜਮੇਰ ਸਿੰਘ ਦੀ ਮੌਜੂਦਗੀ ਵਿੱਚ ਉਸ ਨੇ ਅਹੁਦਾ ਸੰਭਾਲਿਆ। ਅਸ਼ਮੀਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੀ.ਯੂ. ਦੇ ਵਿਦਿਆਰਥੀਆਂ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਬਾਖੂਬੀ ਨਿਭਾਉਣਗੇ।

Advertisement

Advertisement
Show comments