ਪੰਜਾਬ ’ਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਚੋਣਾਂ 3 ਨੂੰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ ਵੱਲੋਂ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਅਤੇ ਸ਼ਹਿਰ ਦੇ 11 ਕਾਲਜਾਂ ਵਿੱਚ 3 ਸਤੰਬਰ ਨੂੰ ਵਿਦਿਆਰਥੀ ਯੂਨੀਅਨ ਚੋਣਾਂ ਹੋਣਗੀਆਂ। ਨਾਮਜ਼ਦਗੀ ਪ੍ਰਕਿਰਿਆ 27 ਅਗਸਤ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਹੁਣ ਕਿਸੇ ਨੂੰ ਵੀ ਕੈਂਪਸ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕੈਂਪਸ ਵਿੱਚ ਕਾਰ ਰੈਲੀਆਂ ’ਤੇ ਪਾਬੰਦੀ ਲਾਈ ਗਈ ਹੈ ਅਤੇ ਸਟਿੱਕਰ ਤੋਂ ਬਿਨਾਂ ਕੋਈ ਵੀ ਵਾਹਨ ਕੈਂਪਸ ਵਿੱਚ ਦਾਖਲ ਨਹੀਂ ਹੋ ਸਕੇਗਾ। ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਮੀਦਵਾਰ ਦੀ ਚੋਣ ’ਤੇ ਫ਼ੈਸਲਾ ਲਿਆ ਜਾਵੇਗਾ। ਪ੍ਰੋ. ਅਮਿਤ ਚੌਹਾਨ ਨੇ ਦੱਸਿਆ ਕਿ ਚੋਣਾਂ ਦੌਰਾਨ ਕੈਂਪਸ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਲੜਕੀਆਂ ਦੇ ਹੋਸਟਲ ਵਿੱਚ ਤਿੰਨ ਮਹਿਲਾ ਅਧਿਕਾਰੀ ਸ਼ਿਫਟ ਇੰਚਾਰਜ ਵਜੋਂ ਤਾਇਨਾਤ ਰਹਿਣਗੇ। ਸਕਿਓਰਿਟੀ ਇੰਚਾਰਜ ਵੱਖ-ਵੱਖ ਗੇਟਾਂ ’ਤੇ ਨਿਗਰਾਨੀ ਕਰਨਗੇ ਜਿਸ ਲਈ 60 ਵਾਧੂ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਚੋਣਾਂ ਵਾਸਤੇ 400 ਚੰਡੀਗੜ੍ਹ ਪੁਲੀਸ ਕਰਮਚਾਰੀ ਵੀ ਡਿਊਟੀ ’ਤੇ ਹੋਣਗੇ। ਕੁੜੀਆਂ ਦੇ ਹੋਸਟਲ ਵਿੱਚ ਰਾਤ 9 ਵਜੇ ਤੱਕ ਪ੍ਰਚਾਰ ਕਰਨ ਦੀ ਇਜਾਜ਼ਤ ਹੋਵੇਗੀ। ਮੁੰਡਿਆਂ ਦੇ ਹੋਸਟਲ ਵਿੱਚ ਰਾਤ 10:30 ਵਜੇ ਤੱਕ ਪ੍ਰਚਾਰ ਕੀਤਾ ਜਾ ਸਕਦਾ ਹੈ। ਸਾਰੇ ਵਿਦਿਆਰਥੀਆਂ ਲਈ ਆਪਣੇ ਆਈ-ਕਾਰਡ ਨਾਲ ਰੱਖਣਾ ਲਾਜ਼ਮੀ ਹੋਵੇਗਾ। ਕਾਰ ਰੈਲੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਕੈਂਪਸ ਵਿੱਚ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਵੇਗਾ। ਬਾਹਰੋਂ ਕੋਈ ਵੀ ਆਗੂ ਜਾਂ ਵਿਅਕਤੀ ਕੈਂਪਸ ਵਿੱਚ ਆ ਕੇ ਪ੍ਰਚਾਰ ਨਹੀਂ ਕਰ ਸਕੇਗਾ।
ਚੋਣਾਂ ਦਾ ਸ਼ਡਿਊਲ ਜਾਰੀ
Advertisementਪ੍ਰੋ. ਅਮਿਤ ਚੌਹਾਨ ਨੇ ਦੱਸਿਆ ਕਿ 27 ਅਗਸਤ ਨੂੰ ਨਾਮਜ਼ਦਗੀ ਪ੍ਰਕਿਰਿਆ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਸਵੇਰੇ 10:35 ਵਜੇ ਕੀਤੀ ਜਾਵੇਗੀ। ਉਮੀਦਵਾਰਾਂ ਦੀ ਮੁੱਢਲੀ ਸੂਚੀ ਸਬੰਧਤ ਵਿਭਾਗਾਂ ਵਿੱਚ ਦੁਪਹਿਰ 12 ਵਜੇ ਪ੍ਰਦਰਸ਼ਿਤ ਕੀਤੀ ਜਾਵੇਗੀ ਜਦਕਿ ਇਤਰਾਜ਼ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਦਾਇਰ ਕੀਤੇ ਜਾ ਸਕਦੇ ਹਨ। ਉਮੀਦਵਾਰਾਂ ਦੀ ਸੂਚੀ 28 ਅਗਸਤ ਨੂੰ ਸਵੇਰੇ 10:00 ਵਜੇ ਜਾਰੀ ਕੀਤੀ ਜਾਵੇਗੀ, ਨਾਮ ਵਾਪਸ ਲੈਣ ਦੀ ਪ੍ਰਕਿਰਿਆ ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗੀ। ਅੰਤਿਮ ਉਮੀਦਵਾਰਾਂ ਦੀ ਸੂਚੀ ਦੁਪਹਿਰ 2:30 ਵਜੇ ਜਾਰੀ ਕੀਤੀ ਜਾਵੇਗੀ। ਵੋਟਿੰਗ ਪ੍ਰਕਿਰਿਆ 3 ਸਤੰਬਰ ਨੂੰ ਸਵੇਰੇ 9:30 ਵਜੇ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਹਾਜ਼ਰੀ 75 ਪ੍ਰਤੀਸ਼ਤ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਵਿਸ਼ੇ ਵਿੱਚ ਕੰਪਾਰਟਮੈਂਟ ਨਹੀਂ ਹੋਣੀ ਚਾਹੀਦੀ। ਛਪਾਈ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਵਾਹਨਾਂ ’ਤੇ ਸਟਿੱਕਰ ਜਾਂ ਪੋਸਟਰ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਪੀਐੱਸਯੂ (ਲਲਕਾਰ) ਨੇ ਉਮੀਦਵਾਰ ਐਲਾਨਿਆ
ਚੰਡੀਗੜ੍ਹ (ਪੱਤਰ ਪ੍ਰੇਰਕ): ਵਿਦਿਆਰਥੀ ਜਥੇਬੰਦੀ ਪੀ.ਐੱਸ.ਯੂ. ਲਲਕਾਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਜੋਬਨਪ੍ਰੀਤ ਸਿੰਘ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ ਹੈ। ਜਥੇਬੰਦੀ ਦੇ ਆਗੂਆਂ ਵਿੱਚ ਸਾਰਾਹ, ਨਵਜੋਤ ਕੌਰ ਸਰਾਂ ਅਤੇ ਮਨਿਕਾ ਆਦਿ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਵਿਦਿਆਰਥੀਆਂ ’ਤੇ ਆਰਥਿਕ ਅਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਫ਼ੀਸਾਂ ਵਿੱਚ ਵਾਧਾ, ਹੋਸਟਲ ਦੇ ਹੱਕ ਤੋਂ ਵਿਰਵੇ ਰੱਖਣਾ, ਪ੍ਰੋਫੈਸਰਾਂ ਦੀ ਭਰਤੀ ਨਾ ਕਰਨੀ, ਸਕਾਲਰਸ਼ਿਪਾਂ ਦੇ ਹੱਕ ’ਤੇ ਹਮਲਾ ਕਰਨਾ, ਮੈੱਸ/ਕੰਟੀਨਾਂ ਦੇ ਰੇਟ ਵਧਾਉਣੇ ਅਤੇ ਕੈਂਪਸ ਵਿੱਚ ਪੁਲੀਸ ਦੀ ਵਧਦੀ ਮੌਜੂਦਗੀ ਤੇ ਲਾਜ਼ਮੀ ਹਲਫ਼ਨਾਮਾ ਲਿਆ ਕੇ ਵਿਦਿਆਰਥੀਆਂ ਦੀ ਬੋਲਣ ਦੀ ਆਜ਼ਾਦੀ ਖੋਹਣਾ ਆਦਿ ਸ਼ਾਮਲ ਹੈ।