Stubble Burning ਪਰਾਲੀ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ; CAQM ਦੀ ਸਬੰਧਤ ਭਾਈਵਾਲਾਂ ਨਾਲ ਕਿਸਾਨ ਭਵਨ ਵਿਚ ਮੀਟਿੰਗ ਅੱਜ
ਪੰਜਾਬ ਵਿਚ ਖਾਸ ਕਰਕੇ ਸ਼ਾਮ ਸਮੇਂ ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਦਰਮਿਆਨ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਾਰੇ ਸਬੰਧਤ ਭਾਈਵਾਲਾਂ ਨਾਲ ਅਹਿਮ ਮੀਟਿੰਗ ਕਰ ਰਿਹਾ ਹੈ। ਬੈਠਕ ਵਿਚ ਪੰਜਾਬ ਤੇ ਹਰਿਆਣਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸ਼ਾਮਲ ਹੋਣਗੇ। ਇਹ ਮੀਟਿੰਗ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਪੰਜਾਬ ਵਿੱਚ ਪਰਾਲੀ ਸਾੜਨ ਦੀ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਅਤੇ ਕਿਸਾਨਾਂ ਵਿਚਾਲੇ ਵਰਚੁਅਲ ਚੂਹੇ-ਬਿੱਲੀ ਦੀ ਖੇਡ ਜਾਰੀ ਹੈ।
ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਕੰਸੋਰਟੀਅਮ ਫਾਰ ਰਿਸਰਚ ਆਨ ਐਗਰੋ ਈਕੋਸਿਸਟਮ ਮਾਨੀਟਰਿੰਗ ਐਂਡ ਮਾਡਲਿੰਗ ਫਰਾਮ ਸਪੇਸ ਵੱਲੋਂ 15 ਸਤੰਬਰ ਤੋਂ ਖੇਤਾਂ ਵਿੱਚ ਲੱਗੀ ਅੱਗ ਨੂੰ ਟਰੈਕ ਕੀਤਾ ਜਾ ਰਿਹਾ ਹੈ। Suomi ਐਨਪੀਪੀ ਅਤੇ MODIS ਐਕਵਾ ਉਪਗ੍ਰਹਿਆਂ ’ਤੇ ਸਥਾਪਤ ਵਿਜ਼ੀਬਲ ਇਮੇਜਿੰਗ ਰੇਡੀਓਮੀਟਰ ਸੂਟਸ (VIIRS) ਦੁਪਹਿਰੇ ਅਤੇ ਅੱਧੀ ਰਾਤ ਨੂੰ ਖੇਤਰ ਵਿੱਚੋਂ ਲੰਘਦੇ ਹੋਏ ਖੇਤਾਂ ਵਿੱਚ ਲੱਗੀ ਅੱਗ ਦੀਆਂ ਤਸਵੀਰਾਂ ਨੂੰ ਕੈਦ ਕਰਦੇ ਹਨ।
ਇਸ ਨਿਗਰਾਨੀ ਵਿੰਡੋ ਤੋਂ ਜਾਣੂ ਕਿਸਾਨ ਬਚਣ ਲਈ ਦੇਰ ਸ਼ਾਮ ਨੂੰ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਰਹੇ ਹਨ। ਅਜਿਹੇ ਕਿਸਾਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਸ ਨਿਗਰਾਨੀ ਪ੍ਰਣਾਲੀ ਨੂੰ
ਧੋਖਾ ਦੇਣ ਵਿੱਚ ਸਫ਼ਲ ਰਹੇ ਹਨ ਜੋ ਉਪਗ੍ਰਹਿ ਇਮੇਜਰੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਹਾਲਾਂਕਿ, ਇਸ ਸਾਲ ਏਜੰਸੀਆਂ ਨੇ ਟਰੈਕਿੰਗ ਕਰਨ ਦੇ ਆਪਣੇ ਢੰਗ ਤਰੀਕੇ ਨੂੰ ਬਦਲਿਆ ਹੈ। ਉਹ ਖੇਤਾਂ ਵਿੱਚ ਲੱਗੀ ਅੱਗ ਦੀ ਗਿਣਤੀ ਕਰਨ ਦੀ ਬਜਾਏ, ਹੁਣ ਕੁੱਲ ਸੜੇ ਹੋਏ ਖੇਤਰ ਦੀ ਮੈਪਿੰਗ ਅਤੇ ਰਿਕਾਰਡਿੰਗ ਕਰ ਰਹੇ ਹਨ। ਇਸ ਡੇਟਾ ਨੂੰ ਅੱਗੇ ਸਬੰਧਤ ਕਿਸਾਨਾਂ ਖਿਲਾਫ਼ ਕਾਰਵਾਈ ਲਈ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਦਿੱਲੀ ਦੀ CREAMS ਲੈਬਾਰਟਰੀ ਵਿਚ ਖੇਤੀਬਾੜੀ ਭੌਤਿਕ ਵਿਗਿਆਨ ਵਿਭਾਗ ਦੇ ਪ੍ਰਿੰਸੀਪਲ ਵਿਗਿਆਨੀ ਅਤੇ ਪ੍ਰੋਫੈਸਰ ਡਾ. ਵਿਨੈ ਸਹਿਗਲ ਨੇ ਕਿਹਾ, ‘‘ਇਹ ਉਪਗ੍ਰਹਿ ਦੁਪਹਿਰ ਦੇ ਅਖੀਰ ਵਿੱਚ ਇਥੋਂ ਲੰਘਦੇ ਹਨ। ਦੁਪਹਿਰ 3.30 ਵਜੇ ਤੋਂ ਸ਼ਾਮ 7.30 ਵਜੇ ਦੇ ਵਿਚਕਾਰ ਇੱਕ ਖਿੜਕੀ ਹੁੰਦੀ ਹੈ। ਅਤੇ ਇਸ ਸਮੇਂ ਦੌਰਾਨ ਖੇਤਾਂ ਵਿੱਚ ਅੱਗ ਲੱਗ ਰਹੀ ਹੈ। ਪਰ ਅਸੀਂ ਇੱਕ ਰਸਤਾ ਵੀ ਲੱਭ ਲਿਆ ਹੈ। ਅੱਗ ਦੀ ਨਿਗਰਾਨੀ ਕਰਨ ਤੋਂ ਇਲਾਵਾ, ਅਸੀਂ ਸੜੇ ਹੋਏ ਖੇਤਰ ਦੀ ਮੈਪਿੰਗ ਵੀ ਕਰ ਰਹੇ ਹਾਂ। ਇਸ ਲਈ ਭਾਵੇਂ ਅੱਗ ਬੁਝਾਈ ਗਈ ਹੋਵੇ, ਸਾਨੂੰ ਅਜੇ ਵੀ ਉਨ੍ਹਾਂ ਖੇਤਾਂ ਦੀਆਂ ਤਸਵੀਰਾਂ ਮਿਲਦੀਆਂ ਹਨ ਜਿੱਥੇ ਰਹਿੰਦ-ਖੂੰਹਦ ਸੜ ਗਈ ਸੀ।’’ ਸੂਤਰਾਂ ਨੇ ਦੱਸਿਆ ਕਿ ਇਹ ਡੇਟਾ ਸਥਾਨਕ ਅਧਿਕਾਰੀਆਂ ਨਾਲ ਅੱਗੇ ਸਾਂਝਾ ਕੀਤਾ ਜਾਂਦਾ ਹੈ ਅਤੇ ਫੀਲਡ ਅਧਿਕਾਰੀਆਂ ਨੂੰ ਖੇਤ ਵਾਹੁਣ ਤੋਂ ਪਹਿਲਾਂ ਉਸ ਸਥਾਨ ਦਾ ਦੌਰਾ ਕਰਨ ਲਈ ਕਿਹਾ ਜਾਂਦਾ ਹੈ।
ਦੂਜੇ ਪਾਸੇ ਪੰਜਾਬ ਭਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ। ਰਾਜ ਵਿੱਚ ਇਸ ਸੀਜ਼ਨ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ 283 ਘਟਨਾਵਾਂ ਦਾ ਸਿਖਰ ਦਰਜ ਕਰਨ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ 202 ਹੋਰ ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ 15 ਸਤੰਬਰ ਤੋਂ ਬਾਅਦ ਕੁੱਲ ਗਿਣਤੀ 1,418 ਹੋ ਗਈ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੇ ਕਿਹਾ ਕਿ ਦੀਵਾਲੀ ਤੋਂ ਬਾਅਦ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ 12 ਦਿਨਾਂ ਵਿੱਚ (18 ਤੋਂ 30 ਅਕਤੂਬਰ ਦਰਮਿਆਨ) 1,210 ਮਾਮਲੇ (85 ਫੀਸਦ) ਰਿਪੋਰਟ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ 48 ਨਵੇਂ ਮਾਮਲਿਆਂ ਨਾਲ ਸੂਚੀ ਵਿੱਚ ਸਿਖਰ ’ਤੇ ਹੈ। ਇਸ ਤੋਂ ਬਾਅਦ ਜ਼ਿਮਨੀ ਚੋਣਾਂ ਵਾਲੇ ਤਰਨ ਤਾਰਨ (34), ਫਿਰੋਜ਼ਪੁਰ (32), ਬਠਿੰਡਾ (16), ਅਤੇ ਅੰਮ੍ਰਿਤਸਰ ਅਤੇ ਮੁਕਤਸਰ (13-13) ਹਨ। ਹੁਣ ਤੱਕ ਸੂਬੇ ਵਿੱਚ ਖੇਤਾਂ ’ਚ ਪਰਾਲੀ ਸਾੜਨ ਦੇ ਬਹੁਤੇ ਮਾਮਲੇ ਤਰਨ ਤਾਰਨ (330), ਸੰਗਰੂਰ (218), ਅੰਮ੍ਰਿਤਸਰ (186), ਅਤੇ ਫਿਰੋਜ਼ਪੁਰ (155) ਵਿਚ ਸਾਹਮਣੇ ਆਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦੇ ਹੋਏ 25 ਅਕਤੂਬਰ ਤੋਂ ਹੁਣ ਤੱਕ 135 ਐਫਆਈਆਰ ਦਰਜ ਕੀਤੀਆਂ ਹਨ ਅਤੇ 156 ਰੈੱਡ ਐਂਟਰੀਆਂ ਕੀਤੀਆਂ ਹਨ। ਇਸ ਸੀਜ਼ਨ ਵਿੱਚ ਕੁੱਲ 376 ਐਫਆਈਆਰ ਅਤੇ 432 ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ 24 ਲੱਖ ਰੁਪਏ ਤੋਂ ਵੱਧ ਦਾ ਵਾਤਾਵਰਣ ਮੁਆਵਜ਼ਾ ਵੀ ਲਗਾਇਆ ਹੈ, ਜਿਸ ਵਿੱਚੋਂ ਹੁਣ ਤੱਕ 15 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਪ੍ਰਦੂਸ਼ਣ ਕੰਟਰੋਲ ਏਜੰਸੀਆਂ 15 ਸਤੰਬਰ ਤੋਂ 30 ਨਵੰਬਰ ਤੱਕ ਪਰਾਲੀ ਸਾੜਨ ਦੀ ਨਿਗਰਾਨੀ ਕਰਦੀਆਂ ਹਨ, ਜਦੋਂ ਖੇਤੀਬਾੜੀ ਪੱਟੀ ਵਿੱਚ ਝੋਨੇ ਦੀ ਕਟਾਈ ਅਤੇ ਰਹਿੰਦ-ਖੂੰਹਦ ਸਾੜਨ ਦਾ ਸਿਖ਼ਰ ਹੁੰਦਾ ਹੈ। ਵਾਰ-ਵਾਰ ਸਰਕਾਰੀ ਅਪੀਲਾਂ ਦੇ ਬਾਵਜੂਦ, ਕਿਸਾਨ ਉੱਚ ਲਾਗਤਾਂ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਲੌਜਿਸਟਿਕ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਪਾਬੰਦੀ ਦੀ ਉਲੰਘਣਾ ਕਰਦੇ ਹਨ।
ਸ਼ਹਿਰੀ ਖੇਤਰਾਂ ਵਿੱਚ ਕੂੜੇ ਅਤੇ ਸੁੱਕੇ ਪੱਤਿਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਵਾਧੇ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ। ਬਹੁਤੇ ਮਾਮਲਿਆਂ ਵਿਚ ਸਥਾਨਕ ਨਗਰ ਨਿਗਮ ਸਟਾਫ ਦੀ ਮੌਜੂਦਗੀ ਵਿੱਚ ਇਹ ਕੰਮ ਬਿਨਾਂ ਕਿਸੇ ਰੋਕ-ਟੋਕ ਦੇ ਕੀਤਾ ਜਾਂਦਾ ਹੈ। ਪਟਿਆਲਾ ਦੇ ਪੰਜਾਬੀ ਭਾਸ਼ਾ ਵਿਭਾਗ ਵਿੱਚ ਸੁੱਕੇ ਪੱਤਿਆਂ ਅਤੇ ਕੂੜੇ ਨੂੰ ਸਾੜਨ ਦਾ ਮਾਮਲਾ ਦੇਖਿਆ ਗਿਆ, ਜੋ ਕਿ ਪੰਜਾਬੀ ਮਹੀਨਾ ਮਨਾਉਣ ਦੀ ਤਿਆਰੀ ਕਰ ਰਿਹਾ ਹੈ।
ਇਸ ਦੌਰਾਨ ਵਾਤਾਵਰਣ ਸੁਰੱਖਿਆ ਲਈ ਕੰਮ ਕਰਨ ਵਾਲੇ ਇੱਕ ਸਥਾਨਕ ਨਾਗਰਿਕ ਸਮੂਹ, ਪਬਲਿਕ ਐਕਸ਼ਨ ਕਮੇਟੀ (ਪੀਏਸੀ) ਨੇ ਰਿਹਾਇਸ਼ੀ ਖੇਤਰਾਂ ਵਿੱਚ ਖੁੱਲ੍ਹੇ ਵਿੱਚ ਕੂੜਾ ਸਾੜਨ ਦੀਆਂ ਘਟਨਾਵਾਂ ਨੂੰ ਅੱਖੀਂ ਦੇਖਣ ਤੋਂ ਬਾਅਦ ਪੀਪੀਸੀਬੀ ਕੋਲ ਸ਼ਿਕਾਇਤ ਦਰਜ ਕੀਤੀ ਹੈ। ਵਾਤਾਵਰਣ ਕਾਰਕੁਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪਰਾਲੀ ਅਤੇ ਰਹਿੰਦ-ਖੂੰਹਦ ਸਾੜਨ ਦੇ ਅਮਲ ਨੂੰ ਨਾ ਰੋਕਿਆ ਗਿਆ ਤਾਂ ਰਾਜ ਦੀ ਹਵਾ ਗੁਣਵੱਤਾ ਵਿਗੜ ਸਕਦੀ ਹੈ।
 
 
             
            