ਆਧਾਰ ਆਧਾਰਿਤ ਬਾਇਓਮੈਟ੍ਰਿਕ ਹਾਜ਼ਰੀ ਲਈ ਸਖ਼ਤੀ
ਨਗਰ ਨਿਗਮ ਚੰਡੀਗੜ੍ਹ ਨੇ ਆਪਣੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਧਾਰ-ਆਧਾਰਿਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਸਖ਼ਤੀ ਨਾਲ ਪਾਲਣਾ ਨੂੰ ਲਾਜ਼ਮੀ ਕੀਤਾ ਹੈ। ਹਾਲਾਂਕਿ ਨਵੰਬਰ ਮਹੀਨੇ ਤੋਂ ਇਸ ਸਿਸਟਮ ਰਾਹੀਂ ਤਨਖ਼ਾਹਾਂ ਜਾਰੀ ਕਰਨ ਦਾ ਸਿਸਟਮ ਕੁਝ ਤਕਨੀਕੀ ਅਤੇ ਪ੍ਰਸ਼ਾਸਕੀ ਦੇਰੀ ਕਾਰਨ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕਿਆ ਪਰ ਹੁਣ ਦਸੰਬਰ ਮਹੀਨੇ ਤੋਂ ਸਿਰਫ਼ ਬਾਇਓਮੈਟ੍ਰਿਕ ਸਿਸਟਮ ਨਾਲ ਜੁੜੇ ਮੁਲਾਜ਼ਮਾਂ ਨੂੰ ਹੀ ਤਨਖ਼ਾਹ ਰਿਲੀਜ਼ ਕੀਤੀ ਜਾਵੇਗੀ।
ਮਾਮਲੇ ਦੀ ਸਮੀਖਿਆ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਅੱਜ ਉੱਚ-ਪੱਧਰੀ ਮੀਟਿੰਗ ਬੁਲਾਈ। ਵਾਰ-ਵਾਰ ਦੇਰੀ ’ਤੇ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਸਪੱਸ਼ਟ ਅਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ ਦਸੰਬਰ ਮਹੀਨੇ ਦੀਆਂ ਤਨਖ਼ਾਹਾਂ ਹਰੇਕ ਕਰਮਚਾਰੀ ਲਈ ਆਧਾਰ-ਆਧਾਰਿਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋਂ ਬਾਅਦ ਹੀ ਜਾਰੀ ਕੀਤੀ ਜਾਵੇਗੀ।
ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਸ਼ਾਖਾ ਇੰਚਾਰਜਾਂ ਨੂੰ ਇਸ ਆਦੇਸ਼ ਦੀ ਤੁਰੰਤ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਚੇਤਾਵਨੀ ਦਿੱਤੀ ਕਿ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ’ਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਦਸੰਬਰ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਤਨਖ਼ਾਹ ਪ੍ਰਕਿਰਿਆ ਲਈ ਹਾਜ਼ਰੀ ਦੀ ਕੋਈ ਫਿਜ਼ੀਕਲ ਤਸਦੀਕ ਸਵੀਕਾਰ ਨਹੀਂ ਕੀਤੀ ਜਾਵੇਗੀ।
