ਰੇਹੜੀ ਫੜ੍ਹੀ ਵਰਕਰਜ਼ ਯੂਨੀਅਨ ਵੱਲੋਂ ਨਿਗਮ ਦਫ਼ਤਰ ਅੱਗੇ ਧਰਨਾ
ਇੱਥੇ ਫੁੱਟਪਾਥ ਸਾਈਕਲ ਅਤੇ ਰੇਹੜੀ-ਫੜ੍ਹੀ ਵਰਕਰਜ਼ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 17 ਸਥਿਤ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਜਿਸ ਵਿੱਚ ਸ਼ਾਮਿਲ ਵਰਕਰਾਂ ਨੇ ਨਿਗਮ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਪ੍ਰਧਾਨ ਰਾਮ ਮਿਲਨ ਗੌੜ, ਜਨਰਲ ਸਕੱਤਰ ਰਾਮਪਾਲ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਮੰਗ ਰੱਖੀ ਕਿ ਵੈਂਡਰਾਂ ਦੇ ਰੱਦ ਕੀਤੇ ਹੋਏ ਲਾਇਸੈਂਸ ਤੁਰੰਤ ਬਹਾਲ ਕੀਤੇ ਜਾਣ ਅਤੇ ਵਿਆਜ ਵਸੂਲਣਾ ਬੰਦ ਕੀਤਾ ਜਾਵੇ। ਸਾਲ 2016 ਵਿੱਚ ਨਿਗਮ ਵੱਲੋਂ ਸਟ੍ਰੀਟ ਵੈਂਡਰਾਂ ਦਾ ਸਰਵੇਖਣ ਕਰਦੇ ਸਮੇਂ ਚੰਡੀਗੜ੍ਹ ਦੇ ਪਿੰਡਾਂ ਅਤੇ ਕਲੋਨੀਆਂ ਦੇ ਜਿਹੜੇ ਵੈਂਡਰ ਰਹਿ ਗਏ ਸਨ, ਉਨ੍ਹਾਂ ਦੇ ਵੀ ਸਰਵੇਖਣ ਕਰਵਾ ਕੇ ਲਾਇਸੈਂਸ ਬਣਾਏ ਜਾਣ। ਜਿਹੜੇ ਸੈਕਟਰ ਵਿੱਚ ਵੈਂਡਰ ਆਪਣੀ ਦੁਕਾਨ ਚਲਾਉਂਦਾ ਹੈ, ਉਸੇ ਸੈਕਟਰ ਵਿੱਚ ਵੈਂਡਿੰਗ ਜ਼ੋਨ ਬਣਾ ਕੇ ਉਨ੍ਹਾਂ ਨੂੰ ਅਲਾਟਮੈਂਟ ਕੀਤੀ ਜਾਵੇ। ਇਸ ਤੋਂ ਇਲਾਵਾ ਵੈਂਡਰਾਂ ਤੋਂ ਹਫ਼ਤਾ ਵਸੂਲੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਇਨਫੋਰਸਮੈਂਟ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕਾਂਗਰਸ ਪਾਰਟੀ ਨਾਲ ਸਬੰਧਿਤ ਨਿਗਮ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਅਤੇ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਵਸੀਮ ਮੀਰ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਧਰਨੇ ਨੂੰ ਹਮਾਇਤ ਦਿੱਤੀ। ਯੂਨੀਅਨ ਆਗੂਆਂ ਨੇ ਕਾਂਗਰਸੀ ਆਗੂਆਂ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਜਿਸ ਦੌਰਾਨ ਕੌਂਸਲਰ ਗਾਬੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੀ ਹਾਊਸ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਰੱਖੀਆਂ ਜਾਣਗੀਆਂ।
ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਗੈਰ-ਕਾਨੂੰਨੀ ਵਿਕਰੇਤਾਵਾਂ ਦਾ ਵਿਰੋਧ ਕਰਨ ਤਾਂ ਜੋ ਸਾਰਿਆਂ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ ਅਤੇ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਵਿਕਰੇਤਾਵਾਂ ਦੇ ਨਾਲ ਖੜ੍ਹੇ ਹਨ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਗਰੀਬ ਅਤੇ ਮਿਹਨਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਇਹ ਮਾਮਲਾ ਸੰਸਦ ਮੈਂਬਰ ਦੇ ਸਾਹਮਣੇ ਵੀ ਰੱਖਿਆ ਜਾਵੇਗਾ।
ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਕਾਂਗਰਸ ਦੇ ਜਨਰਲ ਸਕੱਤਰ ਵਸੀਮ ਮੀਰ, ਯੂਨੀਅਨ ਪ੍ਰਧਾਨ ਰਾਮ ਮਿਲਨ ਗੌੜ ਅਤੇ ਹੋਰ ਆਗੂਆਂ ਨੇ ਮਿਲ ਕੇ ਨਿਗਮ ਦੇ ਸੰਯੁਕਤ ਕਮਿਸ਼ਨਰ ਨੂੰ ਵਿਕਰੇਤਾਵਾਂ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਇੱਕ ਮੰਗ ਪੱਤਰ ਸੌਂਪਿਆ।