ਲਵਾਰਸ ਕੁੱਤਿਆਂ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਣਾਇਆ ਨਿਸ਼ਾਨਾ
ਇੱਥੋਂ ਦੀ ਵੀ ਆਈ ਪੀ ਰੋਡ ’ਤੇ ਸਥਿਤ ਨਿਰਮਲ ਛਾਇਆ ਸੁਸਾਇਟੀ ਵਿੱਚ ਲਵਾਰਸ ਕੁੱਤਿਆਂ ਨੇ ਦਹਿਸ਼ਤ ਮਚਾਈ ਹੋਈ ਹੈ। ਇੱਥੇ ਲਵਾਰਸ ਕੁੱਤੇ ਕਈਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿਨ੍ਹਾਂ ਵਿੱਚ ਬਜ਼ੁਰਗ, ਬੱਚੇ ਅਤੇ ਔਰਤਾਂ ਸ਼ਾਮਲ ਹਨ। ਲਵਾਰਸ ਕੁੱਤਿਆਂ ਕਾਰਨ ਸੁਸਾਇਟੀ ਵਾਸੀਆਂ ਵਿੱਚ ਸਹਿਮ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਇਸ ਪਾਸੇ ਧਿਆਨ ਦੇ ਕੇ ਇੱਥੋਂ ਕੁੱਤੇ ਫੜਨ ਦੀ ਮੰਗ ਕੀਤੀ ਹੈ।
ਨਿਰਮਲ ਛਾਇਆ ਫਲੈਟ ਓਨਰ ਵੈੱਲਫੇਅਰ ਸੁਸਾਇਟੀ ਵਾਸੀ ਰੋਹਿਤ ਕੁਮਾਰ, ਪੰਕਜ ਸ਼ਰਮਾ, ਆਰ. ਭੁਵਨ ਅਤੇ ਪੀ.ਸੀ. ਜਿੰਦਲ ਸਣੇ ਹੋਰਨਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸੁਸਾਇਟੀ ਵਿੱਚ ਲਵਾਰਸ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਗੇਟ ਵਾਲੀ ਸੁਸਾਇਟੀ ਹੋਣ ਦੇ ਬਾਵਜੂਦ ਕੁਝ ਲੋਕ ਕੁੱਤਿਆਂ ਨੂੰ ਖਾਣਾ ਦਿੰਦੇ ਹਨ ਜਿਸਦੇ ਲਾਲਚ ਵਿੱਚ ਇੱਥੇ ਕੁੱਤੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਿੱਚ ਕੁੱਲ 12 ਦੇ ਕਰੀਬ ਲਵਾਰਸ ਕੁੱਤੇ ਵੱਖ-ਵੱਖ ਝੁੰਡਾਂ ਵਿੱਚ ਘੁੰਮਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਚਾਰ ਕੁੱਤੇ ਹਲਕੇ ਹੋਏ ਹਨ ਜੋ ਨਿੱਤ ਦਿਹਾੜੇ ਇੱਥੋਂ ਦੇ ਵਸਨੀਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਕਿਹਾ ਕਿ ਕਈ ਵਾਰ ਲਵਾਰਸ ਕੁੱਤਿਆਂ ਨੂੰ ਇੱਥੋਂ ਭਜਾਇਆ ਗਿਆ ਹੈ ਪਰ ਉਹ ਮੁੜ ਇੱਥੇ ਆ ਜਾਂਦੇ ਹਨ। ਲੰਘੇ ਦਿਨਾਂ ਤੋਂ ਇਹ ਲਵਾਰਸ ਕੁੱਤੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਤਾਜ਼ਾ ਮਾਮਲਾ ਇੱਕ ਬੱਚੇ ਦਾ ਹੈ ਜਿਸਨੂੰ ਇੱਕ ਲਵਾਰਸ ਕੁੱਤੇ ਨੇ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਘਰਾਂ ਤੋਂ ਨਿਕਲਣ ਤੋਂ ਡਰਦੇ ਹਨ ਅਤੇ ਲੋਕ ਆਪਣੇ ਬੱਚਿਆਂ ਖੇਡਣ ਲਈ ਵੀ ਬਾਹਰ ਨਹੀਂ ਕੱਢਦੇ। ਉਨ੍ਹਾਂ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਇਹ ਕੁੱਤੇ ਹੋਰ ਵੀ ਖੂੰਖਾਰ ਹੋ ਜਾਂਦੇ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਇੱਥੇ ਮੁਹਿੰਮ ਚਲਾ ਕੇ ਕੁੱਤਿਆਂ ਨੂੰ ਫੜਿਆ ਜਾਵੇਗਾ।
ਨਵਾਂ ਗਰਾਉਂ: ਕੁੱਤੇ ਨੇ ਵਿਦਿਆਰਥਣ ਨੂੰ ਵੱਢਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਵਾਂ ਗਰਾਉਂ ਵਿੱਚ ਦਸਮੇਸ਼ ਨਗਰ ਵਾਸੀ ਸਾਕਸ਼ੀ ਨਾਮੀਂ ਕਰੀਬ 15 ਸਾਲਾ ਵਿਦਿਆਰਥਣ ਨੂੰ ਇੱਕ ਕੁੱਤੇ ਨੇ ਵੱਢ ਲਿਆ। ਪੁਲੀਸ ਥਾਣਾ ਨਵਾਂ ਗਰਾਉਂ ਕੋਲ ਦਿੱਤੀ ਸ਼ਿਕਾਇਤ ਅਨੁਸਾਰ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਗਲੀ ਵਿੱਚ ਜਾ ਰਹੀ ਸੀ ਜਿਸ ਦੌਰਾਨ ਇੱਕ ਕੁੱਤੇ ਨੇ ਉਸ ਦੀ ਲੱਤ ’ਤੇ ਬੁਰਕ ਮਾਰ ਦਿੱਤੇ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਤੁਰੰਤ ਗੁਆਂਢੀਆਂ ਨੇ ਦੌੜ ਕੇ ਕੁੱਤੇ ਕੋਲੋਂ ਉਸ ਨੂੰ ਛੁਡਵਾਇਆ ਅਤੇ ਕੁੱਤੇ ਨੂੰ ਭਜਾਇਆ। ਇਸ ਤੋਂ ਤੁਰੰਤ ਬਾਅਦ ਜ਼ਖਮੀ ਵਿਦਿਆਰਥਣ ਨੂੰ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ।