ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ‘ਕਹਾਣੀ ਦਰਬਾਰ’
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਅੱਜ ਚੰਡੀਗੜ੍ਹ ਵਿੱਚ ‘ਕਹਾਣੀ ਦਰਬਾਰ’ ਕਰਵਾਇਆ ਗਿਆ। ਕਹਾਣੀ ਦਰਬਾਰ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਕਹਾਣੀਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਹਾਣੀਕਾਰ ਵਿਚ ਵਿਲੱਖਣ ਪ੍ਰਤਿਭਾ ਹੁੰਦੀ ਹੈ, ਜੋ ਆਪਣੇ ਆਲੇ-ਦੁਆਲੇ ਦੇ ਸਾਰੇ ਪਾਤਰਾਂ ਅਤੇ ਘਟਨਾਵਾਂ ਨੂੰ ਗਹਿਰਾਈ ਨਾਲ ਵੇਖਦਾ ਹੈ ਅਤੇ ਆਪਣੀ ਸਿਰਜਣਸ਼ੀਲਤਾ ਦੇ ਮਿਲਾਪ ਨਾਲ ਕਹਾਣੀ ਰਚਦਾ ਹੈ। ਕਹਾਣੀ ਦਰਬਾਰ ਵੱਲੋਂ ਵੱਖ-ਵੱਖ ਕਹਾਣੀਕਾਰਾਂ ਵੱਲੋਂ ਆਪਣੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ।
ਕਹਾਣੀ ਦਰਬਾਰ ਵਿੱਚ ਦਿੱਲੀ ਦੇ ਲੇਖਕ ਕੇਸਰਾ ਰਾਮ ਨੇ ਕਰੋਨਾ ਕਾਲ ਦੇ ਤਜਰਬਿਆਂ ਨੂੰ ਆਪਣੀ ਕਹਾਣੀ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਉਤਾਰਿਆ। ਬਹਾਦੁਰਗੜ੍ਹ ਤੋਂ ਆਏ ਕਹਾਣੀਕਾਰ ਗਿਆਨ ਪ੍ਰਕਾਸ਼ ਵਿਵੇਕ ਨੇ ਆਪਣੇ ਪਾਤਰ ਦੀ ਸ਼ਹਿਰ ਛੱਡਣ ਦੀ ਪੀੜਾ ਅਤੇ ਸਮਵੇਦਨਾ ਨੂੰ ਗਹਿਰਾਈ ਨਾਲ ਪੇਸ਼ ਕੀਤਾ। ਡਾ. ਰਾਜਿੰਦਰ ਕੁਮਾਰ ਕਨੌਜੀਆ ਨੇ ਆਪਣੀ ਕਹਾਣੀ ਰਾਹੀਂ ਘਰ ਦੇ ਮੁੱਖ ਦਰਵਾਜ਼ੇ ਨੂੰ ਆਪਣੇ ਸੰਵਾਦ ਤੇ ਭਾਵਨਾ ਨਾਲ ਜੀਵੰਤ ਕਰ ਦਿੱਤਾ। ਲੇਖਿਕਾ ਸੁਨੈਨਾ ਜੈਨ ਨੇ ਆਪਣੀ ਅੰਗਰੇਜ਼ੀ ਕਹਾਣੀ ‘ਦਿ ਪੇਸ਼ੰਸ ਸਟੋਨ’ ਵਿੱਚ ਮੁੱਖ ਕਿਰਦਾਰ ਦੀ ਆਦਰਸ਼ ਆਂਟੀ ਦਾ ਜ਼ਿਕਰ ਕੀਤਾ, ਜੋ ਹਰ ਮੁਸ਼ਕਲ ਹਾਲਤ ਵਿੱਚ ਧੀਰਜ ਤੇ ਆਤਮਵਿਸ਼ਵਾਸ ਨਾਲ ਇੱਕ ਮਜ਼ਬੂਤ ਪੱਥਰ ਵਾਂਗ ਖੜ੍ਹੀ ਰਹੀ। ਇਸੇ ਤਰ੍ਹਾਂ ਕਹਾਣੀਕਾਰ ਜਤਿੰਦਰ ਪਰਵਾਜ਼ ਨੇ ਗਰੀਬ ਘਰ ਦੇ ਬੱਚੇ ਦੀਪੂ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਪੇਸ਼ ਕੀਤੀ। ਇਸ ਮੌਕੇ ਅਕਾਦਮੀ ਦੇ ਵਾਈਸ ਚੇਅਰਮੈਨ ਡਾ. ਅਨੀਸ਼ ਗਰਗ ਤੇ ਸਕੱਤਰ ਸੁਭਾਸ਼ ਭਾਸਕਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
