ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਨਿਰਮਾਣ ਰੋਕਣਾ ਮੰਦਭਾਗਾ: ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਲੰਘੇ ਸਾਢੇ ਤਿੰਨ ਸਾਲਾਂ ਤੋਂ ਕੰਮ ਰੋਕਣ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਯੂਨੀਵਰਸਿਟੀ ਦੇ ਨਿਰਮਾਣ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਰੀ ਵੀਡੀਓ ’ਚ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤ ਚਮਕੌਰ ਸਾਹਿਬ ਤੋਂ 42 ਏਕੜ ਜ਼ਮੀਨ ਖਰੀਦ ਕੇ ਇਸ ਉੱਤੇ 500 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣਨ ਵਾਲੀ ਸਕਿੱਲ ਯੂਨੀਵਰਸਿਟੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ।
ਉਨਾਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਇਸ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਤੋਂ ਬਿਨਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਤਿੰਨ ਵੱਡੇ ਵੱਡੇ ਵਿਦਿਅਕ ਬਲਾਕ ਤਿਆਰ ਕੀਤੇ ਗਏ ਸਨ, ਪਰ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਇਸ ਯੂਨੀਵਰਸਿਟੀ ਦੇ ਨਿਰਮਾਣ ਕਾਰਜਾਂ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਜਿੱਥੇ ਇਸ ਯੂਨੀਵਰਸਿਟੀ ਦੀ ਬਿਲਡਿੰਗ ਖੰਡਰ ਵਿੱਚ ਤਬਦੀਲ ਹੋ ਰਹੀ ਹੈ, ਉੱਥੇ ਹੀ ਇਸ ਵਿੱਚ ਵੱਡੇ ਵੱਡੇ ਘਾਹ ਫੂਸ ਅਤੇ ਦਰੱਖਤ ਆਦਿ ਪੈਦਾ ਹੋਣ ਕਾਰਨ ਇਹ ਬਿਲਡਿੰਗ ਸੱਪਾਂ ਤੇ ਨਸ਼ੇੜੀਆਂ ਦਾ ਰਹਿਣ ਬਸੇਰਾ ਬਣ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਬਣਨ ਨਾਲ ਜਿੱਥੇ ਵਿਦਿਆਰਥੀਆਂ ਨੇ ਤਕਨੀਕੀ ਹੁਨਰ ਗਿਆਨ ਕਰਕੇ ਪੰਜਾਬ ਦੀਆਂ ਫੈਕਟਰੀਆਂ ਵਿੱਚੋਂ ਸਿੱਖਿਅਤ ਕਾਰੀਗਰਾਂ ਦੀ ਘਾਟ ਨੂੰ ਪੂਰਾ ਕਰਨਾ ਸੀ। ਸ੍ਰੀ ਚੰਨੀ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਉਸ ਨੂੰ ਜੀ ਆਇਆ ਆਖਦੇ ਹਨ, ਪਰ ਪੰਜਾਬ ਦੇ ਬੱਚਿਆਂ ਦੇ ਭਵਿੱਖ ਲਈ ਬਣਨ ਵਾਲੀ ਇਸ ਸਕਿੱਲ ਯੂਨੀਵਰਸਿਟੀ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਿਲ ਕਰਨ ਵਾਲੇ ਨੌਜਵਾਨਾਂ ਨੂੰ ਲੱਖਾਂ ਰੁਪਏ ਮਹੀਨੇ ਦੀਆਂ ਨੌਕਰੀਆਂ ਮਿਲਣਗੀਆਂ ਜਿਸ ਨਾਲ ਪੰਜਾਬ ਮੁੜ ਤਰੱਕੀ ਦੇ ਰਾਹ ’ਤੇ ਚੱਲੇਗਾ।