ਤਰੱਕੀ ਲਈ ਵਿਰਸੇ ਨਾਲ ਜੁੜੇ ਰਹਿਣਾ ਜ਼ਰੂਰੀ: ਸੈਣੀ
ਸ੍ਰੀ ਰਾਮ ਲੀਲ੍ਹਾ ਕਲੱਬ ਸ਼ਕਤੀ ਨਗਰ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਵਿੱਚ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਕਿ ਭਗਵਾਨ ਰਾਮ ਦੇ ਜੀਵਨ ਤੋਂ ਸਾਨੂੰ ਆਪਣੇ ਫ਼ਰਜ਼ਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਦਾ ਜੀਵਨ ਦਰਸਾਉਂਦਾ ਹੈ ਕਿ ਇਕ ਰਾਜੇ ਦੇ ਫ਼ਰਜ਼ ਕੀ ਹਨ। ਭਗਵਾਨ ਰਾਮ ਨੇ ਮਨੁੱਖਤਾ ਦੇ ਰੂਪ ’ਚ ਰਹਿੰਦਿਆਂ ਪੂਰੀ ਦੁਨੀਆਂ ਨੂੰ ਮਾਨਵਤਾ ਦੀ ਮਰਿਆਦਾ ’ਤੇ ਚੱਲਦਿਆਂ ਸਵੈਮਾਣ ਦਾ ਪਾਠ ਪੜ੍ਹਾਇਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਚੰਦਰ ਦੇ ਇਤਿਹਾਸ ਸਬੰਧੀ ਅਜੋਕੇ ਬੱਚਿਆਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਿਰਸੇ ਨਾਲ ਜੁੜੇ ਰਹਿੰਦੇ ਹਨ ਉਹ ਹਮੇਸ਼ਾ ਤਰੱਕੀ ਕਰਦੇ ਹਨ। ਸ੍ਰੀ ਸੈਣੀ ਨੇ ਕਲੱਬ ਨੂੰ ਮਾਲੀ ਸਹਾਇਤਾ ਵੀ ਭੇਟ ਕੀਤੀ।
ਇਸ ਮੌਕੇ ਅਨਿਲ ਸ਼ਰਮਾ, ਰਾਜੀਵ ਰਾਣਾ, ਵਿਸ਼ਾਲ ਸ੍ਰੀਵਾਸਤਵ, ਸੋਨੂੰ ਧੀਮਾਨ, ਸੰਕੀ, ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਜਸਵੀਰ ਸੈਣੀ, ਮਹੀਪਾਲ ਸ਼ਰਮਾ, ਮੁਨੀ ਲਾਲ, ਸਿਕੰਦਰ ਸਿੰਘ ਸਣੇ ਹੋਰ ਪਤਵੰਤੇ ਮੌਜੂਦ ਸਨ।