ਬੱਚਿਆਂ ਨੂੰ ਸਟੇਸ਼ਨਰੀ ਤੇ ਬੈਗ ਵੰਡੇ
ਬਨੂੜ: ਪਿੰਡ ਸੁਧਾਰ ਸੁਸਾਇਟੀ ਬਠਲਾਣਾ ਵੱਲੋਂ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 50 ਬੱਚਿਆਂ ਨੂੰ ਸਟੇਸ਼ਨਰੀ ਅਤੇ ਬੈਗ ਵੰਡੇ ਗਏ। ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਤੇ ਖਜਾਨਚੀ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਮੁੱਚੀਆਂ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਰਸ਼ਨਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਾਇਮਰੀ ਵਿੰਗ ਦੀ ਇੰਚਾਰਜ ਪੂਜਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਨਿਰਮਲ ਸਿੰਘ, ਨੰਬਰਦਾਰ ਹਰਨੇਕ ਸਿੰਘ, ਨੰਬਰਦਾਰ ਬਲਕਾਰ ਸਿੰਘ, ਮੋਹਣ ਸਿੰਘ ਆਦਿ ਹਾਜ਼ਰ ਸਨ। ਮਿਡਲ ਵਿੰਗ ਦੀ ਇੰਚਾਰਜ ਜਸਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਮੈਂਬਰ ਰਣਜੀਤ ਰਾਣਾ ਅਤੇ ਜਤਿੰਦਰ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ
ਹਰਸ਼ਪ੍ਰੀਤ ਕੌਰ ਹੈੱਡ ਗਰਲ ਤੇ ਸਿਮਰਵੀਰ ਸਿੰਘ ਹੈੱਡ ਬੁਆਏ ਨਿਯੁਕਤ
ਰੂਪਨਗਰ: ਸਾਹਿਬਜ਼ਾਦਾ ਅਜੀਤ ਸਿੰਘ ਅਕਾਦਮੀ ਰੂਪਨਗਰ ਵਿੱਚ ਲੜਕੇ ਤੇ ਲੜਕੀਆਂ ਵਿੱਚੋਂ ਵਿਦਿਆਰਥੀ ਮੁਖੀ ਚੁਣਨ ਲਈ ਮੁਕਾਬਲਾ ਕਰਵਾਇਆ ਗਿਆ। ਸੰਸਥਾ ਦੀਆਂ 23 ਸੀਨੀਅਰ ਲੜਕੀਆਂ ਤੇ 13 ਲੜਕੇ ਵਿਸ਼ੇਸ਼ ਮੁਕਾਬਲੇ ’ਚ ਸਫਲ ਰਹੇ। ਜੱਜ ਦੀ ਭੂਮਿਕਾ ਨਿਭਾ ਰਹੇ ਸੀਨੀਅਰ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ, ਲੀਡਰਸ਼ਿਪ ਗੁਣਾ, ਸਹਿ-ਪਾਠਕ੍ਰਮ, ਖੇਡ ਗਤੀਵਿਧੀਆਂ ਵਿੱਚ ਭਾਗੀਦਾਰੀ, ਸਵੈ-ਅਨੁਸਾਸ਼ਨ ਤੇ ਸਹਿਯੋਗ, ਪ੍ਰਸ਼ਨ-ਉੱਤਰ ਦੌਰ ਤੇ ਭਾਸ਼ਣ ਆਦਿ ਦੇ ਆਧਾਰ ’ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਹਰਸ਼ਪ੍ਰੀਤ ਕੌਰ ਨੂੰ ਹੈੱਡ ਗਰਲ ਤੇ ਸਿਮਰਵੀਰ ਸਿੰਘ ਨੂੰ ਹੈੱਡ ਬੁਆਏ ਵਜੋਂ ਚੁਣਿਆ। ਜਸਨੂਰ ਕੌਰ ਤੇ ਜੈਸਮੀਨ ਸੰਧੂ ਨੂੰ ਵਾਈਸ ਹੈੱਡ ਗਰਲ ਤੇ ਤੇਗਬੀਰ ਸਿੰਘ ਤੇ ਸਾਹਿਲ ਸ਼ਰਮਾ ਨੂੰ ਵਾਈਸ ਹੈੱਡ ਬੁਆਏ ਵਜੋਂ ਚੁਣਿਆ। ਸੰਸਥਾ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਰਾਜਨ ਚੋਪੜਾ, ਫਾਊਂਡਰ ਵਾਈਸ ਪ੍ਰਿੰਸੀਪਲ ਸੁਦੇਸ਼ ਸੁਜਾਤੀ ਅਤੇ ਵਾਈਸ ਪ੍ਰਿੰਸੀਪਲ ਵੰਦਨਾ ਵਿੱਜ ਤੋਂ ਸਣੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ। -ਪੱਤਰ ਪ੍ਰੇਰਕ
ਪੰਜਾਬ ਨੈਸ਼ਨਲ ਬੈਂਕ ਵੱਲੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ
ਐੱਸਏਐੱਸ ਨਗਰ(ਮੁਹਾਲੀ): ਪੰਜਾਬ ਨੈਸ਼ਨਲ ਬੈਂਕ ਦੀ ਲਾਂਡਰਾਂ ਬਰਾਂਚ ਵੱਲੋਂ ਬੈਂਕ ਮੈਨੇਜਰ ਅਮਰਜੀਤ ਕੌਰ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਬੈਂਕ ਦੇ ਸਮੁੱਚੇ ਕਰਮਚਾਰੀਆਂ ਨੇ ਰਾਹਗੀਰਾਂ ਅਤੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕੀਤੀ। ਬੈਂਕ ਦੇ ਕਰਮਚਾਰੀ ਸਤਨਾਮ ਸਿੰਘ ਗੀਗੇਮਾਜਰਾ ਨੇ ਦੱਸਿਆ ਕਿ ਬੈਂਕ ਵੱਲੋਂ 2015 ਤੋਂ ਲਗਾਤਾਰ ਇਹ ਛਬੀਲ ਲਗਾਈ ਜਾਂਦੀ ਹੈ। ਐਤਕੀਂ ਦਸਵੇਂ ਵਰ੍ਹੇ ਇਹ ਛਬੀਲ ਲਗਾਈ ਗਈ। ਇਸ ਮੌਕੇ ਰਣਜੀਤ ਸਿੰਘ ਲਾਂਡਰਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਪੁਸਤਕ ‘ਆਸਾ ਦੀ ਵਾਰ ਅਤੇ ਸ਼ਬਦ ਹਜ਼ਾਰੇ’ ਲੋਕ ਅਰਪਣ
ਐੱਸਏਐੱਸ ਨਗਰ(ਮੁਹਾਲੀ): ਪ੍ਰੋਫੈਸਰ ਬੇਅੰਤ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਧਾਰਮਿਕ ਪੁਸਤਕ ‘ਆਸਾ ਦੀ ਵਾਰ ਅਤੇ ਸ਼ਬਦ ਹਜ਼ਾਰੇ’ ਇੱਥੋਂ ਦੇ ਫੇਜ਼ ਤਿੰਨ ਦੇ ਗੁਰਬਾਣੀ ਇਸੁ ਜਗ ਮਹਿ ਚਾਨਣੁ ਪ੍ਰਚਾਰ ਤੇ ਪ੍ਰਸਾਰ ਸੰਸਥਾ ਭਵਨ ਵਿੱਚ ਲੋਕ ਅਰਪਣ ਕੀਤੀ ਗਈ। ਇਹ ਰਸਮ ਸੰਸਥਾ ਦੇ ਮੁੱਖ ਸੇਵਾਦਾਰ ਕੁਲਬੀਰ ਸਿੰਘ ਅਤੇ ਪੱਤ੍ਰਿਕਾ ਗੁਰਬਾਣੀ ਚਾਨਣੁ ਦੇ ਸੰਪਾਦਕ ਪਰਮਜੀਤ ਸਿੰਘ ਨੇ ਨਿਭਾਈ। ਉਨ੍ਹਾਂ ਲੇਖਕ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਸਤਕ ਵਿਸ਼ਵ ਵਿਆਪੀ ਹੈ। ਇਸ ਮੌਕੇ ਸੰਸਥਾ ਦੇ ਮੈਂਬਰ ਅਮਰੀਕ ਸਿੰਘ, ਸੁਰਿੰਦਰ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ, ਬਲਿਹਾਰ ਸਿੰਘ, ਸੁਖਬੰਸ ਸਿੰਘ, ਜਸਵਿੰਦਰ ਸਿੰਘ ਅਤੇ ਸਵਰਨ ਸਿੰਘ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ
ਡੇਰਾਬੱਸੀ: ਇੱਥੇ ਜੀਬੀਪੀ ਰੋਜ਼ਵੁੱਡ ਕਲੋਨੀ ਵਿੱਚ ਸੁਖਮਨੀ ਸੇਵਾ ਸੁਸਾਇਟੀ ਅਤੇ ਸਮੂਹ ਸੰਗਤ ਵੱਲੋਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਸਮਰਪਿਤ 40 ਦਿਨਾਂ ਤੋਂ ਚੱਲ ਰਹੇ ਸੁਖਮਨੀ ਸਾਹਿਬ ਦੇ ਪਾਠ ਦਾ ਅੱਜ ਭੋਗ ਪਾਇਆ ਗਿਆ। ਇਸ ਦੌਰਾਨ ਗੁਰਮਤਿ ਵਿਚਾਰ ਭਾਈ ਹਰਪ੍ਰੀਤ ਸਿੰਘ (ਚੰਡੀਗੜ੍ਹ) ਵੱਲੋਂ ਤੇ ਸ਼ਬਦ ਕੀਰਤਨ ਭਾਈ ਕਰਨਵੀਰ ਸਿੰਘ (ਮੁਹਾਲੀ) ਨੇ ਕੀਤਾ। ਸੁਸਾਇਟੀ ਮੈਂਬਰ ਭਵਜੀਤ ਸਿੰਘ ਨੇ ਵੀ ਸ਼ਬਦ ਗਾਇਨ ਕੀਤਾ। -ਖੇਤਰੀ ਪ੍ਰਤੀਨਿਧ
ਮਾਤਾ ਨਰਾਤੀ ਕੌਰ ਨੂੰ ਸ਼ਰਧਾਂਜਲੀਆਂ ਦਿੱਤੀਆਂ
ਮੁੱਲਾਂਪੁਰ ਗਰੀਬਦਾਸ: ਪਿੰਡ ਕਾਂਸਲ ਵਾਸੀ ਮਾਤਾ ਨਰਾਤੀ ਕੌਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ’ਚ ਵੱਡੀ ਗਿਣਤੀ ਲੋਕਾਂ ਨੇ ਅੱਜ ਸ਼ਰਧਾਂਜਲੀਆਂ ਦਿੱਤੀਆਂ ਤੇ ਰਾਗੀ ਸਿੰਘਾਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਸਬੰਧੀ ਮਨਮੀਤ ਸਿੰਘ ਕਲੇਰ, ਜਗਦੀਸ਼ ਸਿੰਘ ਤੇ ਭਾਗ ਸਿੰਘ ਬੈਂਸ ਨੇ ਦੱਸਿਆ ਕਿ ਮਰਹੂਮ ਕਰਤਾਰ ਸਿੰਘ ਦੀ ਪਤਨੀ ਮਾਤਾ ਨਰਾਤੀ ਕੌਰ ਨੇ ਪਿੰਡ ਦੇ ਲੋਕਾਂ ਦੇ ਦੁੱਖਾਂ-ਸੁੱਖਾਂ ਵਿੱਚ ਸ਼ਰੀਕ ਹੋ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਇਆ। -ਪੱਤਰ ਪ੍ਰੇਰਕ
ਬਾਬਾ ਖੁਸ਼ਹਾਲ ਸਿੰਘ ਨਮਿਤ ਪਾਠ ਦਾ ਭੋਗ ਭਲਕੇ
ਰੂਪਨਗਰ: ਗੁਰਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਮੁਖੀ ਬਾਬਾ ਖੁਸ਼ਹਾਲ ਸਿੰਘ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਤਿੰਨ ਜੂਨ ਨੂੰ ਗੁਰਦੁਆਰਾ ਸਾਹਿਬ ਵਿੱਚ ਹੋਵੇਗੀ। ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ 3 ਜੂਨ ਨੂੰ ਸਵੇਰੇ 9.30 ਵਜੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਗੁਰਬਾਣੀ ਕੀਰਤਨ ਹੋਵੇਗਾ ਤੇ ਬਾਅਦ ਦੁਪਹਿਰ ਅੰਤਿਮ ਅਰਦਾਸ ਹੋਵੇਗੀ। -ਪੱਤਰ ਪ੍ਰੇਰਕ