ਉਦਯੋਗ ਭਵਨ ’ਚ ਸੂਬਾ ਪੱਧਰੀ ਰੈਲੀ ਦਾ ਐਲਾਨ
ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਕਰੋੜਾਂ ਰੁਪਇਆਂ ਦੇ ਫੰਡ ਪੰਜਾਬ ਸਰਕਾਰ ਦੇ ਖਾਤੇ ਵਿੱਚ ਤਬਦੀਲ ਕਰਨ ਖ਼ਿਲਾਫ਼ ਪੀ ਐੱਸ ਆਈ ਈ ਸੀ ਸਟਾਫ ਐਸੋਸੀਏਸ਼ਨ ਵੱਲੋਂ ਉਦਯੋਗ ਭਵਨ ਸੈਕਟਰ-17 ਚੰਡੀਗੜ੍ਹ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਮੁੱਖ ਤੌਰ ’ਤੇ ਯੂ ਟੀ ਐਂਪਲਾਈਜ਼ ਤੇ ਵਰਕਰਸ ਫੈਡਰੇਸ਼ਨ ਚੰਡੀਗੜ੍ਹ ਦੇ ਚੇਅਰਮੈਨ ਗੋਪਾਲ ਦੱਤ ਜੋਸ਼ੀ, ਪ੍ਰਧਾਨ ਰਾਜਿੰਦਰ ਕਟੋਚ, ਡੈਮੋਕਰੇਟਿਕ ਟੀਚਰਜ਼ ਫਰੰਟ ਤੋਂ ਵਿਕਰਮਦੇਵ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਪੀ ਐੱਸ ਆਈ ਈ ਸੀ ਰਿਟਾਇਰਡ ਐਂਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ, ਪੀ ਟੀ ਐੱਲ ਤੋਂ ਗੁਰਦਿਆਲ ਸਿੰਘ, ਆਸ਼ਾ ਵਰਕਰਜ਼ ਯੂਨੀਅਨ ਤੋਂ ਰਣਜੀਤ ਕੌਰ, ਆਂਗਣਵਾੜੀ ਵਰਕਰ ਯੂਨੀਅਨ ਤੋਂ ਗੁਰਪ੍ਰੀਤ ਕੌਰ, ਸਫ਼ਾਈ ਕਰਮਚਾਰੀ ਯੂਨੀਅਨ ਮੋਹਾਲੀ ਤੋਂ ਪ੍ਰਧਾਨ ਵਿਨੋਦ ਕੁਮਾਰ, ਜਰਮਨ ਕੰਪਨੀ ਕਰਮਚਾਰੀ ਯੂਨੀਅਨ ਤੋਂ ਸ਼ਮੀਰ ਸ਼ਰਮਾ, ਸੀਟੂ ਮੋਹਾਲੀ ਦੇ ਜਨਰਲ ਸਕੱਤਰ ਹਰਕੇਸ਼ ਕੁਮਾਰ ਅਤੇ ਸੀਟੂ ਚੰਡੀਗੜ੍ਹ ਤੋਂ ਦਿਨੇਸ਼ ਕੁਮਾਰ ਸ਼ਾਮਲ ਹੋਏ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਸ਼ਨ ਦੇ ਫੰਡ ਨੂੰ ਆਪਣੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਕੇ ਇਸ ਦੀ ਮਾਲੀ ਹਾਲਤ ਕਮਜ਼ੋਰ ਕਰਨਾ ਚਾਹੁੰਦੀ ਹੈ ਤਾਂਕਿ ਇਸ ਦੇ ਨਿੱਜੀਕਰਨ ਦਾ ਰਾਹ ਪੱਧਰਾ ਹੋ ਸਕੇ। ਇਸ ਦੀ ਤਾਜ਼ਾ ਉਦਾਹਰਨ ਇਹ ਹੈ ਕਿ ਪਿਛਲੇ ਦਿਨੀਂ ਕਾਰਪੋਰੇਸ਼ਨ ਦਾ 243 ਕਰੋੜ ਰੁਪਏ ਪੰਜਾਬ ਸਰਕਾਰ ਦੇ ਖਾਤੇ ਤਬਦੀਲ ਕਰ ਦਿੱਤੇ ਅਤੇ ਤਿੰਨ ਨਵੀਆਂ ਪਾਲਿਸੀਆਂ ਲਿਆ ਕੇ ਮਾਲੀਏ ਦਾ ਮੂੰਹ ਵੀ ਸਰਕਾਰੀ ਖਜ਼ਾਨੇ ਵੱਲ ਮੋੜ ਦਿੱਤਾ ਹੈ ਜਿਸ ਨਾਲ ਕਾਰਪੋਰੇਸ਼ਨ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਉਦਯੋਗਿਕ ਪਲਾਂਟਾਂ ਨੂੰ ਓ ਟੀ ਐੱਸ ਸਕੀਮ ਰਾਹੀਂ ਧੱਕੇ ਨਾਲ ਬਹਾਲ ਕਰਕੇ ਕੁਝ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਅਤੇ ਨਿਗਮ ਨੂੰ ਕਰੋੜਾਂ ਰੁਪਇਆਂ ਦਾ ਘਾਟਾ ਪਾਇਆ ਜਾ ਰਿਹਾ ਹੈ। ਕਾਰਪੋਰੇਸ਼ਨ ਨੂੰ ਘਾਟੇ ਵੱਲ ਲਿਜਾਣ ਦਾ ਇਹ ਇੱਕ ਹੋਰ ਕਦਮ ਪੁੱਟਿਆ ਜਾ ਰਿਹਾ ਹੈ।
ਐਸੋਸੀਏਸ਼ਨ ਵਲੋਂ ਕਾਰਪੋਰੇਸ਼ਨ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 2 ਦਸੰਬਰ ਨੂੰ ਉਦਯੋਗ ਭਵਨ ਸੈਕਟਰ 17 ਚੰਡੀਗੜ੍ਹ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਸਮੂਹ ਜਥੇਬੰਦੀਆਂ ਵੱਲੋਂ ਇਸ ਰੈਲੀ ਵਿਚ ਸ਼ਾਮਲ ਹੋ ਕੇ ਉਦਯੋਗ ਮੰਤਰੀ ਖ਼ਿਲਾਫ਼ ਤਕੜਾ ਸੰਘਰਸ਼ ਵਿੱਢਿਆ ਜਾਵੇਗਾ। ਅੰਤ ਵਿੱਚ ਐਸੋਸੀਏਸ਼ਨ ਪ੍ਰਧਾਨ ਦੀਪਾ ਰਾਮ ਨੇ ਆਏ ਹੋਏ ਸਾਰੇ ਯੂਨੀਅਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
