‘ਖਿੜਦੇ ਰਹਿਣ ਗੁਲਾਬ’ ਦਾ ਮੰਚਨ
ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਪੰਜਾਬ ਕਲਾ ਭਵਨ ’ਚ ਕਰਵਾਏ ਜਾ ਰਹੇ 22ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਅੱਜ ਪੰਜਵੇਂ ਦਿਨ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ‘ਖਿੜਦੇ ਰਹਿਣ ਗੁਲਾਬ’ ਨਾਟਕ ਪੇਸ਼ ਕੀਤਾ ਗਿਆ। ਪੰਜਾਬ ਭਾਸ਼ਾ ਵਿਭਾਗ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਕਰਵਾਏ ਗਏ ਸੋਲੋ ਨਾਟਕ ਦੀ ਅਦਾਕਾਰਾ ਵੀ ਅਨੀਤਾ ਸ਼ਬਦੀਸ਼ ਹੀ ਸੀ। ਇਹ ਨਾਟਕ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਗ਼ਦਰ ਪਾਰਟੀ ਦੀ ਨਾਇਕਾ ਗੁਲਾਬ ਕੌਰ ਦੀ ਜੀਵਨ ਗਾਥਾ ਸੀ, ਜਿਨ੍ਹਾਂ ਦਾ ਸੌ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਹ ਆਪਣੇ ਸ਼ਤਾਬਦੀ ਸਾਲ ਵਿੱਚ ਵਾਪਸ ਆ ਕੇ ਖ਼ੁਦ ਹੀ ਆਪਣੀ ਹੱਡਬੀਤੀ ਸੁਣਾ ਰਹੀ ਹੈ। ਗੁਲਾਬ ਕੌਰ ਆਪਣੇ ਪਤੀ ਮਾਨ ਸਿੰਘ ਨਾਲ ਅਮਰੀਕਾ ਜਾਣ ਲਈ ਮਨੀਲਾ ਗਈ ਸੀ। ਇਸ ਨਾਟਕ ਨੇ ਪਤੀ ਮਾਨ ਸਿੰਘ ਨੂੰ ਛੱਡ ਕੇ ਆਉਣ ਦੀ ਦਲੇਰੀ ਤੇ ਦਰਦ, ਦੋਵਾਂ ਨੂੰ ਦਰਸਾਇਆ ਹੈ। ਇਹ ਸਾਰੀ ਗਾਥਾ ਵਿੱਚ ਇਤਿਹਾਸ ਹੀ ਨਹੀਂ ਸਾਡੇ ਵਰਤਮਾਨ ਦੀਆਂ ਕਈ ਪਰਤਾਂ ਵੀ ਸਾਹਮਣੇ ਆਉਂਦੀਆਂ ਹਨ, ਜਿਸ ਨੂੰ ਸੌ ਸਾਲ ਪਹਿਲਾਂ ਮਰ ਚੁੱਕੀ ਗੁਲਾਬ ਕੌਰ ਵਾਪਸ ਦੁਨੀਆਂ ਵਿਚ ਆ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਦੀ ਹੈ ਤੇ ਇਹ ਸਾਰਾ ਕੁਝ ਦਰਸ਼ਕ ਸਾਹਮਣੇ ਕਈ ਸਵਾਲ ਛੱਡ ਕੇ ਜਾਂਦਾ ਹੈ।
