ਸਟਾਫ ਐਸੋਸੀਏਸ਼ਨ ਵੱਲੋਂ ਭੁੱਖ ਹੜਤਾਲ ਖ਼ਤਮ
ਐਸੋਸੀਏਸ਼ਨ ਦੇ ਅਹੁਦੇਦਾਰਾਂ ਮੁਤਾਬਕ ਇਹ ਫੰਡ ਟਰਾਂਸਫਰ ਕਰਨ ਸਬੰਧੀ ਮਤਾ ਪਾਸ ਕਰਨ ਲਈ ਅੱਜ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਕੀਤੀ ਜਾਣੀ ਸੀ। ਸਵੇਰ ਤੋਂ ਹੀ ਕਰਮਚਾਰੀ ਆਪਣੇ ਕੰਮ ਦਾ ਬਾਈਕਾਟ ਕਰ ਕੇ ਧਰਨੇ-ਪ੍ਰਦਰਸ਼ਨ ’ਤੇ ਬੈਠ ਗਏ ਅਤੇ ਸਾਰਾ ਦਿਨ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੰਘਰਸ਼ ਦੇ ਅੱਗੇ ਝੁਕਦੇ ਹੋਏ ਮੈਨੇਜਮੈਂਟ ਨੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਫ਼ਿਲਹਾਲ ਮੁਲਤਵੀ ਕਰ ਦਿੱਤੀ ਜਿਸ ਉਪਰੰਤ ਮੁਲਾਜ਼ਮਾਂ ਵੱਲੋਂ ਭੁੱੱਖ ਹੜਤਾਲ ਵੀ ਖ਼ਤਮ ਕਰ ਦਿੱਤੀ ਗਈ।
ਮੁਲਾਜ਼ਮ ਆਗੂਆਂ ਨੇ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਚੁੱਕਿਆ ਕਿ ਜੇ ਪੰਜ ਸੋ ਕਰੋੜ ਰੁਪਏ ਸਰਕਾਰ ਨੂੰ ਦੇ ਦਿੱਤੇ ਗਏ ਤਾਂ ਨਿਗਮ ਦੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਮਿਲ ਸਕੇਗੀ ਕਿਉਂਕਿ ਨਿਗਮ ਦੀ ਆਮਦਨ ਪਹਿਲਾਂ ਹੀ ਕਾਫ਼ੀ ਘੱਟ ਹੈ ਅਤੇ ਉਹ ਆਮਦਨ ਵੀ ਸਰਕਾਰ ਲੈਣ ਲਈ ਪੱਬਾਂ ਭਾਰ ਹੋਈ ਬੈਠੀ ਹੈ। ਸਰਕਾਰ ਨੇ ਨਿਗਮ ਦੇ ਮੁੱਖ ਸਾਧਨਾਂ ਤੋਂ ਆਉਣ ਵਾਲੀ ਆਮਦਨ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦਾ ਨਾਦਰਸ਼ਾਹੀ ਹੁਕਮ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।
ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਸਿੰਘ ਨੇ ਕਿਹਾ ਕਿ ਨਿਗਮ ਇਕ ਖ਼ੁਦਮੁਖ਼ਤਿਆਰ ਅਦਾਰਾ ਹੈ ਅਤੇ ਸਰਕਾਰ ਤੋਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਲੈਂਦਾ। ਇਸ ਨਾਲ 700 ਮੁਲਾਜ਼ਮਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਰਕਾਰ ਕੰਪਨੀ ਐਕਟ ਅਧੀਨ ਕੰਮ ਕਰ ਰਹੇ ਨਿਗਮ ਵਿਚੋਂ ਇਸ ਤਰ੍ਹਾਂ ਪੈਸਾ ਨਹੀਂ ਕੱਢ ਸਕਦੀ। ਜਥੇਬੰਦੀ ਵੱਲੋਂ ਨਿਗਮ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਗਿਆ ਹੈ।