ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਚੈਂਪੀਅਨ ਬਣੀ
ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਦੇ 19 ਸਾਲਾ ਵਰਗ ਦੇ ਲੜਕਿਆਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਵਿੱਚ ਮੁਕੰਮਲ ਹੋਏ। ਫਾਈਨਲ ਮੁਕਾਬਲੇ ਵਿੱਚ ਜਲੰਧਰ ਨੂੰ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਚੈਂਪੀਅਨ ਬਣੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਹੋਏ ਇਨ੍ਹਾਂ ਕ੍ਰਿਕਟ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਸੈਮੀਫਾਈਨਲ ਗੇੜ ਵਿੱਚ ਸ੍ਰੀ ਅੰਮ੍ਰਿਤਸਰ ਨੇ ਬਠਿੰਡਾ ਨੂੰ ਅਤੇ ਜਲੰਧਰ ਨੇ ਫਾਜ਼ਿਲਕਾ ਨੂੰ ਹਰਾਇਆ। ਜਲੰਧਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਟੀਮਾ ਵਿੱਚਕਾਰ ਖੇਡਿਆ ਗਿਆ ਫਾਈਨਲ ਮੈਚ ਬਹੁਤ ਹੀ ਫਸਵਾਂ ਰਿਹਾ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 151 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਜਲੰਧਰ ਦੀ ਟੀਮ ਨਿਰਧਾਰਿਤ ਓਵਰਾਂ ਵਿੱਚ 146 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਸੰਘਰਸ਼ ਭਰਪੂਰ ਫਾਈਨਲ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ 5 ਦੌੜਾਂ ਦੇ ਫਰਕ ਨਾਲ ਜੇਤੂ ਰਹੀ। ਤੀਜੇ ‘ਤੇ ਚੌਥੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਫਾਜ਼ਿਲਕਾ ਨੂੰ ਹਰਾ ਕੇ ਬਠਿੰਡਾ ਨੇ ਤੀਜਾ ਸਥਾਨ ਆਪਣੇ ਨਾਂ ਕੀਤਾ ਜਦਕਿ ਫਾਜ਼ਿਲਕਾ ਨੂੰ ਚੌਥਾ ਸਥਾਨ ਮਿਲਿਆ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ।
