ਲੱਦਾਖ ’ਚ ਸ਼ਹੀਦ ਹੋਏ ਲਾਲੜੂ ਪਿੰਡ ਦੇ ਜਵਾਨ ਦਾ ਸਰਕਾਰੀ ਸਨਮਾਮਨ ਨਾਲ ਸਸਕਾਰ
ਪ੍ਰਸ਼ਾਸਨ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੌਕੇ ’ਤੇ ਨਹੀਂ ਪੁੱਜਿਆ
Advertisement
ਭਾਰਤੀ ਫੌਜ ਦੀ ਬੰਬੇ ਇੰਜਨੀਅਰ ਰੈਜੀਮੈਂਟ ਵਿੱਚ ਲੇਹ ਲੱਦਾਖ ਵਿੱਚ ਤੈਨਾਤ ਗਗਨਦੀਪ ਸਿੰਘ ਖਰਾਬ ਮੌਸਮ ਦੌਰਾਨ ਤਬਿਅਤ ਵਿਗੜਨ ਕਾਰਨ ਸ਼ਹੀਦ ਹੋ ਗਿਆ। ਲਾਲੜੂ ਪਿੰਡ ਦੇ ਜੰਮਪਲ 25 ਸਾਲਾ ਲਾਸ ਨਾਇਕ ਗਗਨਦੀਪ ਸਿੰਘ ਬੀਤੀ ਚਾਰ ਅਕਤੂਬਰ ਸਹੀਦ ਹੋ ਗਿਆ ਸੀ ਅਤੇ ਉਸ ਦਾ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਲਾਲੜੂ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।
ਇਸ ਮੌਕੇ ਜਿੱਥੇ ਸ਼ਹੀਦ ਦੇ ਪਿਤਾ ਨਸੀਬ ਸਿੰਘ , ਮਾਤਾ ਅਤੇ ਭੈਣ ਸਮੇਤ ਰਿਸ਼ਤੇਦਾਰਾਂ ਤੇ ਪੂਰੇ ਪਿੰਡ ਅਤੇ ਇਲਾਕੇ ਨੇ ਆਪਣੇ ਸ਼ਹੀਦ ਨੂੰ ਨਮ ਅੱਖਾਂ ਨਾਲ ਵਿਦਾਈ ਕੀਤੀ , ਉਥੇ ਹੀ ਭਾਰਤੀ ਫੌਜ ਦੇ ਜਵਾਨਾਂ ਨੇ ਹਵਾਈ ਫਾਇਰ ਕਰਕੇ ਉਸ ਨੂੰ ਸਨਮਾਨ ਸਹਿਤ ਸਲਾਮੀ ਦਿੱਤੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਕਿਹਾ ਕਿ ਅੱਜ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪੁੱਜਾ।
ਉਨ੍ਹਾਂ ਕਿਹਾ ਕਿ ਜੋ ਸਰਕਾਰ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਜਾਵੇ, ਉਸ ਨੂੰ ਲੋਕਾਂ ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਹੇਠਲੇ ਪੱਧਰ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ ਸੀ।
ਸ਼ਹੀਦ ਗਗਨਦੀਪ ਸਿੰਘ ਦੇ ਪਿਤਾ ਨਸੀਬ ਸਿੰਘ ਨੇ ਉਸ ਦੀ ਚਿਤਾ ਨੂੰ ਅੱਗ ਵਿਖਾਈ, ਉਸ ਤੋਂ ਪਹਿਲਾਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਸ਼ਹੀਦ ਦੀ ਦੇਹ ਤੇ ਲਪੇਟਿਆ ਤਿਰੰਗਾ ਸਨਮਾਨਪੂਰਵਕ ਭੇਟ ਕੀਤਾ।
Advertisement
Advertisement