ਚੰਡੀਗੜ੍ਹ ’ਚ ਸਾਈਕਲ ਟਰੈਕਾਂ ’ਤੇ ਲੱਗਣਗੇ ਸੋਲਰ ਪੈਨਲ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ ਸੋਲਰ ਸਿਟੀ ਵਜੋਂ ਵਿਕਸਿਤ ਕਰਨ ਲਈ ਹਰ ਪਾਸੇ ਸੋਲਰ ਪਲਾਂਟ ਲਗਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਉਣ ਤੋਂ ਬਾਅਦ ਹੁਣ ਸ਼ਹਿਰ ਵਿਚਲੇ ਸਾਈਕਲ ਟਰੈਕਾਂ ’ਤੇ ਅਤੇ ਹੋਰ ਖਾਲੀ ਪਈਆਂ ਥਾਵਾਂ ’ਤੇ ਵੀ ਸੋਲਰ ਪੈਨਲ ਲਗਾਉਣ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਖਾਲੀ ਥਾਵਾਂ ’ਤੇ ਸੋਲਰ ਪੈਨਲ ਲਗਾਉਣ ਲਈ ਸਰਵੇ ਕਰਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 220 ਕਿਲੋਮੀਟਰ ਲੰਬੇ ਸਾਈਕਲ ਟਰੈਕ ਹਨ, ਪ੍ਰਸ਼ਾਸਨ ਵੱਲੋਂ ਇਨ੍ਹਾਂ ’ਤੇ ਸੋਲਰ ਪਲਾਂਟ ਲਗਾਉਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਲਈ ਚੰਡੀਗੜ੍ਹ ਰੀਨਿਊਬਲ ਐਨਰਜੀ ਤੇ ਸਾਇੰਸ ਐਂਡ ਤਕਨਾਲਾਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਵੱਲੋਂ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ ਤਾਂ ਜੋ ਸੋਲਰ ਪਲਾਂਟ ਲਗਾਏ ਜਾ ਸਕਣ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਨਗਰ ਨਿਗਮ ਦੀਆਂ 90 ਇਮਾਰਤਾਂ ’ਤੇ ਵੀ ਸੋਲਰ ਪਲਾਂਟ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸਾਲ 2030 ਤੱਕ ਚੰਡੀਗੜ੍ਹ ਦੀ ਬਿਜਲੀ ਲੋੜਾਂ ਨੂੰ ਸੋਲਰ ਰਾਹੀਂ ਪੂਰਾ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ। ਇਸੇ ਕਰ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਸਰਕਾਰੀ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਏ ਗਏ। ਇਸ ਤੋਂ ਬਾਅਦ ਸਰਕਾਰੀ ਘਰਾਂ ਉੱਤੇ ਤੇ ਨਿੱਜੀ ਘਰਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲਗਾਏ ਗਏ ਹਨ। ਹੁਣ ਪ੍ਰਸ਼ਾਸਨ ਸਾਈਕਲ ਟਰੈਕਾਂ ’ਤੇ ਵੀ ਸੋਲਰ ਪਲਾਂਟ ਲਗਾ ਰਿਹਾ ਹੈ। ਇਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਹੁਣ ਤੱਕ 78.85 ਮੈਗਾਵਾਟ ਦੇ ਸੋਲਰ ਪਲਾਂਟ ਲਗਾ ਦਿੱਤੇ ਹਨ।
11 ਸਾਲ ਵਿੱਚ 15 ਗੁਣਾ ਵਾਧਾ
ਚੰਡੀਗੜ੍ਹ ਵਿੱਚ 11 ਸਾਲਾਂ ਦੌਰਾਨ ਸੋਲਰ ਪਲਾਂਟ 15 ਗੁਣ ਵਧ ਗਏ ਹਨ। ਸਾਲ 2014-15 ਵਿੱਚ 5.31 ਮੈਗਾਵਾਟ ਦੇ ਸੋਲਰ ਪਲਾਂਟ ਸਨ, ਜੋ ਸਾਲ 2015-16 ਵਿੱਚ 7.62 ਮੈਗਾਵਾਟ, 2016-17 ਵਿੱਚ 18.13 ਮੈਗਾਵਾਟ, 2017-18 ਵਿੱਚ 26.01 ਮੈਗਾਵਾਟ, 2018-19 ਵਿੱਚ 35.52 ਮੈਗਾਵਾਟ, 2019-20 ਵਿੱਚ 41.36 ਮੈਗਾਵਾਟ, 2020-21 ਵਿੱਚ 45.97 ਮੈਗਾਵਾਟ, 2021-22 ਵਿੱਚ 55.17 ਮੈਗਾਵਾਟ, 2022-23 ਵਿੱਚ 58.69 ਮੈਗਾਵਾਟ, 2023-24 ਵਿੱਚ 65.52 ਮੈਗਾਵਾਟ, 2024-25 ਵਿੱਚ 78.85 ਤੇ 2025-26 ਵਿੱਚ 78,85 ਮੈਗਾਵਾਟ ਦੇ ਸੋਲਰ ਪਲਾਂਟ ਲਗਾਏ ਗਏ ਹਨ।