ਕੰਪਨੀ ਦੀ ਜ਼ਮੀਨ ’ਚੋਂ ਕਰੋੜਾਂ ਦੀ ਮਿੱਟੀ ਚੋਰੀ; ਅਣਪਛਾਤੇ ਖ਼ਿਲਾਫ਼ ਕੇਸ ਦਰਜ
ਪਿੰਡ ਮੀਆਂਪੁਰ ’ਚ ਗੋਲਡਨ ਫਾਰੈਸਟ ਕੰਪਨੀ ਦੀ ਲਾਵਾਰਸ ਪਈ ਜ਼ਮੀਨ ਵਿੱਚੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ।
ਇਸ ਦੌਰਾਨ ਮਾਈਨਿੰਗ ਵਿਭਾਗ ਨੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਲੰਘੇ ਜ਼ਮੀਨ ਵਿੱਚੋਂ ਕੀਤੀ ਗਈ ਚੋਰੀ ਸਬੰਧੀ ਪੈਮਾਇਸ਼ ਕਰਵਾ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ ਹੈ। ਮੌਕੇ ’ਤੇ ਜ਼ਮੀਨ ਵਿੱਚ ਕਾਫੀ ਡੂੰਘੇ ਖੱਡੇ ਪਾਏ ਗਏ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਸ ਜ਼ਮੀਨ ਵਿੱਚੋਂ ਕਰੋੜਾਂ ਰੁਪਏ ਦੀ ਮਿੱਟੀ ਚੋਰੀ ਕੀਤੀ ਗਈ ਹੈ। ਮਾਈਨਿੰਗ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਮਿੱਟੀ ਚੋਰੀ ਹੋਣ ਦੇ ਮਾਮਲੇ ਵਿੱਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਕਾਰਵਾਈ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ।
ਸਥਾਨਕ ਲੋਕਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੂਰੇ ਪਿੰਡ ਨੂੰ ਪਤਾ ਹੈ ਕਿ ਮਾਈਨਿੰਗ ਕੌਣ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੱਤਾਧਾਰੀ ਆਗੂਆਂ ਵੱਲੋਂ ਮਿੱਟੀ ਚੋਰੀ ਕਰਨ ਮਗਰੋਂ ਉਸ ਦਾ ਪਿੰਡ ਦੇ ਬਾਹਰਲੇ ਪਾਸੇ ਢੇਰ ਲਾਇਆ ਹੋਇਆ ਹੈ ਜੋ ਹਾਲੇ ਵੀ ਮੌਕੇ ’ਤੇ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਮਿੱਟੀ ਚੋਰੀ ਕਰ ਕੇ ਉਹ ਪਿੰਡ ਦੇ ਬਾਹਰ ਢੇਰ ਲਾ ਦਿੰਦੇ ਹਨ ਤੇ ਸਵੇਰ ਉਸ ਨੂੰ ਵੱਖ-ਵੱਖ ਥਾਵਾਂ ’ਤੇ ਵੇਚ ਦਿੰਦੇ ਹਨ।
ਜਾਣਕਾਰੀ ਅਨੁਸਾਰ ਮੀਆਂਪੁਰ ’ਚ ਗੋਲਡਨ ਫਾਰੈਸਟ ਦੀ ਕਾਫੀ ਜ਼ਮੀਨ ਲਾਵਾਰਿਸ ਪਈ ਹੈ। ਇਥੇ ਕਥਿਤ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਵਾਰ ਵਾਰ ਸ਼ਿਕਾਇਤ ਕਰਨ ’ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਨੇਮ ਮੁਤਾਬਕ ਇਸ ਜ਼ਮੀਨ ਦੀ ਦੇਖਰੇਖ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਇਸ ਜ਼ਮੀਨ ’ਚ ਸ਼ਾਮ ਦਾ ਹਨੇਰਾ ਹੁੰਦੇ ਹੀ ਪੋਕਲੇਨ ਅਤੇ ਜੇ ਸੀ ਬੀ ਮਸ਼ੀਨਾਂ ਅਤੇ ਟਿੱਪਰਾਂ ਰਾਹੀਂ ਮਿੱਟੀ ਦੀ ਚੋਰੀ ਕਰ ਰਹੇ ਹਨ। ਰੋਜ਼ਾਨਾ ਰਾਤ ਨੂੰ ਲੱਖਾਂ ਰੁਪਏ ਦੀ ਮਿੱਟੀ ਚੋਰੀ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦੀ ਮਿਲੀਭੁਗਤ ਦੇ ਚੱਲਦਿਆਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਮੌਕੇ ਤੋਂ ਮਸ਼ੀਨਰੀ ਨਹੀਂ ਮਿਲੀ: ਐੱਸ ਡੀ ਓ
ਮਾਈਨਿੰਗ ਵਿਭਾਗ ਦੇ ਐੱਸ ਡੀ ਓ ਰਵਿੰਦਰਪਾਲ ਨੇ ਕਿਹਾ ਕਿ ਮੌਕੇ ’ਤੇ ਪਹੁੰਚਣ ’ਤੇ ਕੋਈ ਵੀ ਜੇ ਸੀ ਬੀ ਜਾਂ ਟਿੱਪਰ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਨੇੜਲੇ ਖੇਤਰ ਵਿੱਚ ਪੁੱਛ-ਪੜਤਾਲ ਕੀਤੀ ਗਈ ਪਰ ਕਿਸੇ ਵੀ ਵਿਅਕਤੀ ਨੇ ਕੋਈ ਨਾਂਅ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਨਾਂਅ ਸਾਹਮਣੇ ਆਇਆ ਤਾਂ ਸਬੰਧਤ ਵਿਅਕਤੀ ਨੂੰ ਨਾਮਜ਼ਦ ਕੀਤਾ ਜਾਵੇਗਾ।
