ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸੋਹਾਣਾ ਘਰ ’ਚ ਨਜ਼ਰਬੰਦ

ਕਈ ਹੋਰ ਆਗੂਆਂ ਦੇ ਘਰ ਵੀ ਪੁੱਜੀ ਪੁਲੀਸ; ਅਦਾਲਤ ਦੇ ਬਾਹਰ ਅਕਾਲੀ ਕਾਰਕੁਨਾਂ ਨੂੰ ਹਿਰਾਸਤ ਵਿਚ ਲਿਆ
ਪੁਲੀਸ ਵੱਲੋਂ ਘਰ ’ਚ ਨਜ਼ਰਬੰਦ ਕੀਤੇ ਪਰਵਿੰਦਰ ਸਿੰਘ ਸੋਹਾਣਾ।
Advertisement

ਮੁਹਾਲੀ ਅਦਾਲਤ ਵਿਚ ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੇ ਘਰ ਸਵੇਰੇ ਛੇ ਵਜੇ ਦਰਜਨ ਦੇ ਕਰੀਬ ਪੁਲੀਸ ਕਰਮਚਾਰੀਆਂ ਪਹੁੰਚ ਗਏ। ਸ੍ਰੀ ਸੋਹਾਣਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਜਦੋਂ ਤੱਕ ਬਿਕਰਮ ਮਜੀਠੀਆ ਨੂੰ ਪੇਸ਼ ਮਗਰੋਂ ਅਦਾਲਤ ਵਿਚੋਂ ਵਾਪਸ ਨਹੀਂ ਲਿਜਾਇਆ ਗਿਆ, ਉਦੋਂ ਤੱਕ ਉਨ੍ਹਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਮਰਥਕਾਂ ਨੂੰ ਵੀ ਪੁਲੀਸ ਨੇ ਅੰਦਰ ਨਹੀਂ ਆਉਣ ਦਿੱਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਮਸ਼ੇਰ ਸਿੰਘ ਪੁਰਖਾਲਵੀ, ਨੰਬਰਦਾਰ ਹਰਵਿੰਦਰ ਸਿੰਘ, ਕਰਮਜੀਤ ਸਿੰਘ ਮੌਲੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਪੁਲੀਸ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪੁਲੀਸ ਵੱਲੋਂ ਮਜੀਠਾ ਤੋਂ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਮੁਹਾਲੀ ਦੀ ਅਦਾਲਤ ਦੇ ਬਾਹਰ ਪਹੁੰਚੇ ਕੁੱਝ ਅਕਾਲੀ ਕਾਰਕੁਨਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ ਨੂੰ ਨਜ਼ਰਬੰਦ ਕੀਤਾ ਗਿਆ। ਸੋਹਾਣਾ ਨੇ ਇਨ੍ਹਾਂ ਛਾਪਿਆਂ ਅਤੇ ਨਜ਼ਰਬੰਦੀ ਦੀ ਨਿਖੇਧੀ ਕੀਤੀ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਵੀ ਰਾਜਪੁਰਾ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦੇ ਕਈਂ ਸਾਥੀ ਵੀ ਪੁਲੀਸ ਵੱਲੋਂ ਥਾਣੇ ਲਿਜਾਂਦੇ ਗਏ ਅਤੇ ਪੇਸ਼ੀ ਮਗਰੋਂ ਛੱਡੇ ਗਏ। ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਥਾਂ-ਥਾਂ ਪੁਲੀਸ ਤਾਇਨਾਤ ਰਹੀ। ਸਨੇਟਾ ਦੇ ਰੇਲਵੇ ਪੁਲ ਨੇੜੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਸੀ, ਜਦੋਂਕਿ ਇਸ ਮਾਰਗ ਉੱਤੇ ਪੈਂਦੇ ਪਿੰਡਾਂ ਅਤੇ ਬੱਸ ਸਟਾਪਾਂ ਉੱਤੇ ਵੀ ਪੁਲੀਸ ਕਰਮਚਾਰੀ ਖੜ੍ਹੇ ਨਜ਼ਰ ਆਏ।

Advertisement

 

ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਝਿੰਜਰ ਵੀ ਨਜ਼ਰਬੰਦ

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਦੀ ਨਿਊ ਜੇਲਹ ਵਿਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲੀਸ ਵੱਲੋਂ ਅੱਜ ਸਵੇਰੇ ਹੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਉਸ ਦੀ ਰਿਹਾਇਸ਼ ਵਿਖੇ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਨੂੰ ਦੁਪਹਿਰ ਸਮੇਂ ਰਿਹਾਅ ਕੀਤਾ ਗਿਆ। ਉਸ ਨੇ ਦਸਿਆ ਕਿ ਇਕ ਦਰਜ਼ਨ ਦੇ ਕਰੀਬ ਪੁਲੀਸ ਕਰਮਚਾਰੀ ਅੱਜ ਸਵੇਰੇ ਹੀ ਉਸ ਦੇ ਘਰ ਪਹੁੰਚ ਗਏ ਅਤੇ ਪ੍ਰੀਵਾਰਕ ਮੈਬਰਾਂ ਦੇ ਮੋਬਾਇਲ ਫ਼ੋਨ ਵੀ ਲੈ ਲਏ। ਪ੍ਰਾਪਤ ਸੂਚਨਾ ਅਨੁਸਾਰ ਪੁਲੀਸ ਵੱਲੋਂ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਸ੍ਰੀ ਮਜੀਠੀਆ ਦੀ ਪੇਸ਼ੀ ਮੌਕੇ ਇਕੱਠੇ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਹੀ ਨਜ਼ਰਬੰਦ ਕਰਨਾ ਸ਼ੁਰੂ ਕੀਤਾ ਗਿਆ।

Advertisement