ਸੋਹਾਣਾ ਦੇ ਟੋਭੇ ਦਾ 1.68 ਕਰੋੜ ਨਾਲ ਹੋਇਆ ਨਵੀਨੀਕਰਨ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਟੋਭੇ ਦਾ ਰਕਬਾ 2.25 ਏਕੜ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਟੋਭੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਪਸ਼ੂਆਂ ਦਾ ਗੋਹਾ ਅਤੇ ਹੋਰ ਗੰਦਾ ਪਾਣੀ ਛੱਡਣ ਕਾਰਨ ਗੰਦਗੀ ਫੈਲੀ ਹੋਈ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਸ ਟੋਭੇ ਦਾ 1.68 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ ਅਤੇ ਟੋਭੇ ਨੂੰ ਝੀਲ ਦਾ ਰੂਪ ਦਿੱਤਾ ਗਿਆ ਹੈ। ਟੋਭੇ ਵਿੱਚ ਮੱਛੀਆਂ ਵੀ ਛੱਡੀਆ ਜਾਣਗੀਆਂ ਅਤੇ ਫੁਹਾਰਾ ਵੀ ਲਗਾਇਆ ਜਾਵੇਗਾ ਤਾਂ ਜੋ ਇਹ ਜਗ੍ਹਾਂ ਲੋਕਾਂ ਦੀ ਸੈਰਗਾਹ ਬਣ ਸਕੇ। ਉਨ੍ਹਾਂ ਕਿਹਾ ਕਿ ਸੋਹਾਣਾ ਵਿਖੇ ਦੂਸਰੇ ਟੋਭੇ ਦਾ ਵੀ ਜਲਦ ਹੀ ਨਵੀਨੀਕਰਨ ਕੀਤਾ ਜਾਵੇਗਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਨੀਕਰਨ ਦੌਰਾਨ ਟੋਭੇ ਵਿੱਚ ਪਿੰਡਾਂ ਦੀਆਂ ਨਾਲੀਆਂ ਦਾ ਪਾਣੀ ਆਉਣ ਤੋਂ ਬੰਦ ਕਰਕੇ, ਟੋਭੇ ਦੀ ਡੀ-ਸਿਲਟਿੰਗ ਕਰਾਉਣ ਉਪਰੰਤ ਇਸ ਦੇ ਕਿਨਾਰਿਆਂ ਤੇ ਪੱਥਰ ਲਗਾ ਕੇ, ਕਿਨਾਰੇ ਨੂੰ ਪੱਕਾ ਕਰਵਾਇਆ ਗਿਆ ਹੈ ਅਤੇ ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ ਅਤੇ ਟੋਭੇ ਦੇ ਆਲੇ-ਦੁਆਲੇ ਦਰੱਖਤ ਅਤੇ ਹੋਰ ਬੂਟੇ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਧਰਮਸ਼ਾਲਾ ਦੀ ਲੱਗਭਗ 2 ਕਨਾਲ ਦੀ ਜਗ੍ਹਾ ਵਿੱਚ ਪਹਿਲਾਂ ਬਣੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੋਣ ਕਾਰਨ ਉਸ ਨੂੰ ਢਾਹ ਦਿੱਤਾ ਗਿਆ ਹੈ ਅਤੇ ਨਵੀਂ ਧਰਮਸ਼ਾਲਾ ਵਿੱਚ 2000 ਵਰਗ ਫੁੱਟ ਦਾ ਹਾਲ ਬਣਾਇਆ ਜਾਵੇਗਾ, ਜਿਸ ਦੇ ਬਣਨ ਨਾਲ ਆਮ ਲੋਕ ਆਪਣੇ ਕਿਸੇ ਵੀ ਤਰ੍ਹਾਂ ਦੇ ਛੋਟੇ ਪਰਿਵਾਰਕ ਪ੍ਰੋਗਰਾਮ ਮਹਿੰਗੇ ਹੋਟਲਾਂ ਅਤੇ ਪੈਲਸਾਂ ਦੀ ਥਾਂ ਤੇ ਇਸ ਧਰਮਸ਼ਾਲਾ ਵਿੱਚ ਕਰ ਸਕਦੇ ਹਨ।
ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਜਿਨ੍ਹਾਂ ਵਿਚ ਪੀਣ ਵਾਲੇ ਪਾਣੀ, ਸੀਵਰੇਜ, ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਟੁੱਟੀ ਹੋਈ ਸੜਕ, ਰਹਿੰਦੇ ਟੋਭੇ ਦਾ ਨਵੀਨੀਕਰਨ, ਬਿਜਲੀ ਦੀਆਂ ਲਟਕਦੀਆਂ ਢਿੱਲੀਆਂ ਤਾਰਾਂ, ਆਂਗਣਵਾੜੀ ਸਕੂਲ ਦੀ ਇਮਾਰਤ, ਬਿਜਲੀ ਦੇ ਕੱਟਾਂ ਨੂੰ ਰੋਕਣ ਲਈ ਦੋ ਨਵੇਂ ਟਰਾਂਸਫਾਰਮਰ ਲਗਾਉਣਾ ਆਦਿ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਕਮਿਸ਼ਨਰ, ਨਗਰ ਨਿਗਮ, ਪਰਮਿੰਦਰਪਾਲ ਸਿੰਘ, ਚੀਫ ਇੰਜਨੀਅਰ ਨਰੇਸ਼ ਕੁਮਾਰ ਬੱਤਾ, ਕੁਲਦੀਪ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ ਕੌਂਸਲਰ, ਸੁਸ਼ੀਲ ਅਤਰੀ, ਬੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।