ਸਹੂਲਤਾਂ ਨਾ ਮਿਲਣ ’ਤੇ ਬਿਲਡਰ ਖ਼ਿਲਾਫ਼ ਡਟੇ ਸੁਸਾਇਟੀ ਵਾਸੀ
ਇਥੋਂ ਦੇ ਪਿੰਡ ਹੈਬਤਪੁਰ ਨੇੜੇ ਪੈਂਦੀ ਗੋਲਡਨ ਪਾਮ ਸੁਸਾਇਟੀ ਵਾਸੀ 8 ਸਾਲਾਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸਹੂਲਤਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਸੁਸਾਇਟੀ ਵਾਸੀਆਂ ਨੇ ਬਿਲਡਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ।
ਰੋਸ ਪ੍ਰਗਟ ਕਰਦੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਲੱਖਾਂ ਰੁਪਏ ਖਰਚ ਕੇ ਪਲਾਟ ਖਰੀਦ ਕੇ ਘਰ ਬਣਾਏ ਸਨ। ਪਲਾਟ ਵੇਚਣ ਸਮੇਂ ਬਿਲਡਰ ਨੇ ਹਰੇਕ ਤਰਾਂ ਦੀ ਸੁਵਿਧਾ ਜਿਸ ਵਿੱਚ ਸਾਂਝਾ ਕਲੱਬ ਹਾਊਸ, ਵਧੀਆ ਪਾਰਕ, ਸੁਰੱਖਿਆ ਦੇ ਢੁੱਕਵੇਂ ਪ੍ਰਬੰਧ, ਸੀਸੀਟੀਵੀ ਕੈਮਰਿਆਂ ਅਤੇ ਸੁਰੱਖਿਆ ਕਰਮੀਆਂ ਨਾਲ ਪੂਰੀ ਸੁਸਾਇਟੀ ਦੀ ਸੁਰੱਖਿਆ, ਚਾਰਦੀਵਾਰੀ, 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ, ਗੇਟ ਬੰਦ ਸੁਸਾਇਟੀ, ਜਿਮ, ਸੜਕਾਂ ਅਤੇ ਹੋਰ ਸਭ ਕੁਝ ਦੇਣ ਦੇ ਵਾਅਦੇ ਕੀਤੇ ਸਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇੱਥੇ ਸੁਰੱਖਿਆ ਦੇ ਪ੍ਰਬੰਧ ਜ਼ੀਰੋ ਹਨ ਜਿਸ ਦੇ ਚਲਦੇ ਆਏ ਦਿਨ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ। ਚਾਰਦੀਵਾਰੀ ਵੀ ਪੂਰੀ ਨਹੀਂ, ਬਾਹਰੀ ਵਿਅਕਤੀ ਕਿਸੇ ਪਾਸੇ ਤੋਂ ਵੀ ਅੰਦਰ ਦਾਖਲ ਹੋ ਸਕਦਾ ਹੈ। ਕਰੀਬ 8 ਸਾਲਾ ਬਾਅਦ ਵੀ ਇਕਲੌਤਾ ਕਲੱਬ ਹਾਊਸ ਅਧੂਰਾ ਪਿਆ ਹੈ, ਜੋ ਖੰਡਰ ਬਣ ਰਿਹਾ ਹੈ। ਸੁਸਾਇਟੀ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰ ਫੋਨ ਵੀ ਨਹੀਂ ਚੁੱਕਦੇ। ਡੀਸੀ ਮੁਹਾਲੀ ਤੋਂ ਲੈ ਕੇ ਐਸਡੀਐੱਮ ਡੇਰਾਬੱਸੀ, ਰੇਰਾ, ਨਗਰ ਕੌਂਸਲ ਵਿਖੇ ਸ਼ਿਕਾਇਤ ਕਰਨ ’ਤੇ ਕੋਈ ਸੁਣਵਾਈ ਨਹੀਂ ਹੋਈ।
ਲੋਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਨਗਰ ਕੌਂਸਲ ਵਿੱਚ ਬੁਨਿਆਦੀ ਸਹੂਲਤਾਂ ਪੂਰੀ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੌਂਸਲ ਅਧਿਕਾਰੀ ਬਿਲਡਰ ਵਲੋਂ ਪੂਰੀ ਫ਼ੀਸ ਜਮ੍ਹਾ ਨਾ ਕਰਵਾਉਣ ਦੀ ਗੱਲ ਆਖ ਪੱਲਾ ਝਾੜ ਲੈਂਦੇ ਹਨ। ਸੁਸਾਇਟੀ ਵਾਸੀਆਂ ਨੇ ਕਿਹਾ ਕਿ ਉਕਤ ਬਿਲਡਰ ਡੇਰਾਬੱਸੀ ਵਿਖੇ ਹੀ ਹੋਰ ਹਾਊਸਿੰਗ ਪ੍ਰਾਜੈਕਟ ਬਣਾ ਰਿਹਾ ਹੈ, ਜਦਕਿ ਨਗਰ ਕੌਂਸਲ ਵਿਖੇ ਪਹਿਲੇ ਪ੍ਰਾਜੈਕਟ ਦੀ ਕਰੋੜਾਂ ਰੁਪਏ ਫੀਸ ਕਈ ਸਾਲਾਂ ਤੋਂ ਬਕਾਇਆ ਹੈ। ਗੋਲਡਨ ਪਾਮ ਸੁਸਾਇਟੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਿਆਦ ਕਰਦਿਆਂ ਕਿਹਾ ਕਿ ਬਿਲਡਰ ਨੇ ਉਨ੍ਹਾਂ ਨਾਲ ਵਾਅਦੇ ਪੂਰੇ ਨਾ ਕਰਕੇ ਠੱਗੀ ਮਾਰੀ ਹੈ।
ਮੈਂਟੇਨੈਂਸ ਚਾਰਜ ਨਹੀਂ ਦੇ ਰਹੇ ਸੁਸਾਇਟੀ ਵਾਸੀ: ਪ੍ਰਬੰਧਕ
ਇਸ ਬਾਰੇ ਗੱਲ ਕਰਨ ’ਤੇ ਸੁਸਾਇਟੀ ਦੇ ਪ੍ਰਬੰਧਕ ਕਰਨ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਉਪਰ ਲਗੇ ਦੋਸ਼ ਝੂਠੇ ਹਨ। ਸੁਸਾਇਟੀ ਵਾਸੀ ਮੈਂਟੇਨੈਂਸ ਚਾਰਜ ਨਹੀਂ ਦੇ ਰਹੇ। ਇਸ ਦੇ ਬਾਵਜੂਦ ਬਿਲਡਰ ਵਲੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਮੀਟਿੰਗ ਕਰ ਕੇ ਹਲ ਕਰਵਾ ਦਿੱਤਾ ਜਾਵੇਗਾ।