ਵਾਈਸ ਚਾਂਸਲਰ ਦਫ਼ਤਰ ਅੱਗੇ ਗੂੰਜੇ ਨਾਅਰੇ
ਪੰਜਾਬ ਯੂਨੀਵਰਸਿਟੀ ਵਿੱਚ ਸੰਘਰਸ਼ ਰੋਕੂ ‘ਐਫੀਡੈਵਿਟ’ ਖ਼ਿਲਾਫ਼ ਅੱਜ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੀਯੂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ‘ਐਂਟੀ ਐਫੀਡੈਵਿਟ ਫਰੰਟ’ ਦੇ ਬੈਨਰ ਹੇਠ ਵਾਈਸ ਚਾਂਸਲਰ ਦਫਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਬੁਲਾਰਿਆਂ ਨੇ ਇਸ ਐਫੀਡੈਵਿਟ ਨੂੰ ਭਾਰਤੀ ਸੰਵਿਧਾਨ ਵਿੱਚ ਮਿਲੇ ਬੋਲਣ ਦੀ ਆਜ਼ਾਦੀ ਦੇ ਹੱਕ ’ਤੇ ਡਾਕਾ ਗਰਦਾਨਿਆ।
ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਮੋਹਿਤ ਮੰਡੇਰ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਲੋਕਤੰਤਰ ਵਿਰੋਧੀ ਏਜੰਡੇ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਤਹਿਤ ਵਿਦਿਆਰਥੀਆਂ ਦੇ ਬੋਲਣ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਪੀਯੂ ਵਿੱਚ ਵੀ ਸੰਘਰਸ਼ ਰੋਕਣ ਲਈ ਲਾਗੂ ਕੀਤਾ ਜਾ ਰਿਹਾ ਐਫੀਡੈਬਿਟ ਵੀ ਉਸੇ ਪਾਬੰਦੀ ਦਾ ਹਿੱਸਾ ਹੈ। ਐੱਸ ਐੱਫ ਐੱਸ ਤੋਂ ਕਰਨਵੀਰ ਨੇ ਕਿਹਾ ਕਿ ਲਗਪਗ 100 ਸਾਲ ਪੁਰਾਣੀ ਅੰਗਰੇਜ਼ਾਂ ਵਾਲੀ ਸੋਚ ’ਤੇ ਪਹਿਰਾ ਦਿੰਦੇ ਹੋਏ ਅਥਾਰਟੀ ਇਹ ਸੰਘਰਸ਼ ਰੋਕੂ ਐਫੀਡੈਵਿਟ ਲੈ ਕੇ ਆਈ ਹੈ ਜਿਸ ਨੂੰ ਖਤਮ ਕਰਾਉਣ ਤੱਕ ਵਿਰੋਧ ਜਾਰੀ ਰਹੇਗਾ। ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਅਜਿਹੇ ਐਫੀਡੈਵਿਟ ਲਿਆ ਕੇ ਅਥਾਰਿਟੀ ਵੱਲੋਂ ਵਿਦਿਆਰਥੀਆਂ ਨੂੰ ਧਰਨਿਆਂ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਯੂ ਵਿੱਚ ਪਹਿਲਾਂ ਸੈਨਟ ਖਤਮ ਕੀਤੀ ਗਈ ਅਤੇ ਹੁਣ ਵਿਦਿਆਰਥੀਆਂ ਦੀ ਜ਼ੁਬਾਨਬੰਦੀ ਕਰਨ ਲਈ ਅਥਾਰਿਟੀ ਇਹ ਨਵਾਂ ਸ਼ਗੂਫਾ ‘ਐਫੀਡੈਵਿਟ’ ਲੈ ਕੇ ਆਈ ਹੈ।
ਅਧਿਕਾਰੀਆਂ ਨਾਲ ਗੱਲ ਕਰਨ ਤੋਂ ਨਾਂਹ
ਧਰਨੇ ਵਿੱਚ ਗੱਲਬਾਤ ਕਰਨ ਲਈ ਅਥਾਰਿਟੀ ਵੱਲੋਂ ਆਏ ਦੋ ਹੋਸਟਲ ਵਾਰਡਨਾਂ ਨਾਲ ਗੱਲਬਾਤ ਕਰਨ ਤੋਂ ਵਿਦਿਆਰਥੀਆਂ ਨੇ ਨਾਂਹ ਕਰ ਦਿੱਤੀ। ਵਿਦਿਆਰਥੀਆਂ ਨੇ ਕਿਹਾ ਕਿ ਪਹਿਲੇ ਸੰਘਰਸ਼ਾਂ ਦੌਰਾਨ ਵਾਈਸ ਚਾਂਸਲਰ ਤੱਕ ਪਹੁੰਚਾਏ ਗਏ ਮੰਗ ਪੱਤਰਾਂ ਮੁਤਾਬਿਕ ਮੁਕੰਮਲ ਰੂਪ ਵਿੱਚ ਐਫੀਡੈਵਿਟ ਖਤਮ ਕੀਤਾ ਜਾਵੇ। ਉਸ ਤੋਂ ਬਾਅਦ ਹੀ ਇਹ ਧਰਨਾ ਖਤਮ ਕੀਤਾ ਜਾਵੇਗਾ।
 
 
             
            