ਯੂਟੀ ਦੀ ਸਲਾਹਕਾਰ ਕੌਂਸਲ ਵਿੱਚ ਛੇ ਨਵੇਂ ਚਿਹਰੇ ਸ਼ਾਮਲ
ਚੰਡੀਗੜ੍ਹ, 11 ਜੂਨ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਦੇ ਵਿਕਾਸ ਕਾਰਜਾਂ ਦੇ ਫ਼ੈਸਲੇ ਲੈਣ ਲਈ ਬਣਾਈ ਸਲਾਹਕਾਰ ਕੌਂਸਲ ਵਿੱਚ ਛੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ੍ਰੀ ਕਟਾਰੀਆ ਨੇ ਅੱਜ ਆਦੇਸ਼ ਜਾਰੀ ਕਰਦਿਆਂ ਵਧੀਕ ਸੌਲੀਸਟਰ ਜਨਰਲ ਇੰਡੀਆ ਸੱਤਪਾਲ ਜੈਨ, ਯੂਟੀ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਟੰਡਨ, ਸਾਬਕਾ ਮੇਅਰ ਦੇਵੇਸ਼ ਮੌਦਗਿੱਲ, ਅਨੂਪ ਗੁਪਤਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਡਾ. ਰਵਿੰਦਰ ਨਾਥ ਦੇ ਨਾਮ ਸ਼ਾਮਲ ਕੀਤੇ ਗਏ ਹਨ। ਹਾਲਾਂਕਿ ਪ੍ਰਸ਼ਾਸਕ ਵੱਲੋਂ ਸਲਾਹਕਾਰ ਕੌਂਸਲ ਵਿੱਚ ਛੇ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ। ‘ਆਪ’ ਦੇ ਪ੍ਰਧਾਨ ਵਿਜੈਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਕ ਵੱਲੋਂ ਸਲਹਾਕਾਰ ਕੌਂਸਲ ਵਿੱਚ ਸਿਰਫ਼ ਭਾਜਪਾ ਆਗੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਲਾਹਕਾਰ ਕੌਂਸਲ ਵਿੱਚ ਸ਼ਹਿਰ ਦੇ ਵੱਖ-ਵੱਖ ਵਰਗਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਪਰ ਪ੍ਰਸ਼ਾਸਕ ਵੱਲੋਂ ਸਿਰਫ਼ ਭਾਜਪਾ ਵਰਕਰਾਂ ਨੂੂੰ ਪਹਿਲ ਦਿੱਤੀ ਜਾ ਰਹੀ ਹੈ।