ਕੌਮਾਂਤਰੀ ਨਸ਼ਾ ਤਸਕਰ ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 654 ਗ੍ਰਾਮ ਹੈਰੋਇਨ, 112 ਗ੍ਰਾਮ ਕੋਕੇਨ ਅਤੇ ਐਕਟਿਵਾ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 1.25 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ ਥਾਣਾ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕੀਤੀ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਪੂਜਾ, ਸਮੀਰ, ਮੁਹੰਮਦ ਜੁਨੈਦ ਵਾਸੀਆਨ ਚੰਡੀਗੜ੍ਹ, ਨਿਹਾਲ ਸਿੰਘ, ਅਭਿਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀਆਨ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸਰਹੱਦ ਪਾਰ ਤੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾ ਕੇ ਪੰਜਾਬ ਤੇ ਟ੍ਰਾਈਸਿਟੀ ਵਿੱਚ ਸਪਲਾਈ ਕਰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਪੁਲੀਸ ਦੇ ਐੱਸਪੀ ਜਸਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਐੱਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬੀਤੀ 5 ਅਗਸਤ ਨੂੰ ਸੈਕਟਰ-38 ਵਿੱਚ ਗਸ਼ਤ ਦੌਰਾਨ ਐਕਟਿਵਾ ’ਤੇ ਸਵਾਰ ਪੂਜਾ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 54 ਗ੍ਰਾਮ ਕੋਕੇਨ ਬਰਾਮਦ ਹੋਈ। ਪੁਲੀਸ ਨੇ ਪੂਜਾ ਤੋਂ ਪੁੱਛਗਿੱਛ ਦੇ ਆਧਾਰ ’ਤੇ ਬਾਕੀ ਮੁਲਜ਼ਮਾਂ ਨੂੂੰ ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗਰੋਹ ਨੂੰ ਪਾਕਿਸਤਾਨ ਵਿੱਚ ਬੈਠਾ ਜੁਬੇਰ ਰਾਣਾ ਦੇ ਇਸ਼ਾਰੇ ’ਤੇ ਚਲਾਇਆ ਜਾ ਰਿਹਾ ਹੈ, ਜੋ ਡਰੋਨ ਰਾਹੀਂ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ। ਇਸ ਤੋਂ ਬਾਅਦ ਉਹ ਨਸ਼ੀਲੇ ਪਦਾਰਥ ਪੰਜਾਬ ਤੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਸਪਲਾਈ ਕੀਤਾ ਜਾਂਦੇ ਹਨ। ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਇੱਕ-ਦੂਜੇ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਦੇ ਹਨ। ਚੰਡੀਗੜ੍ਹ ਪੁਲੀਸ ਵੱਲੋਂ ਮਾਮਲੇ ਸਬੰਧੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਪੂਜਾ ਦੀ ਮਾਂ ’ਤੇ ਵੀ ਨਸ਼ਾ ਤਸਕਰੀ ਦੇ ਕੇਸ ਦਰਜ
Advertisementਚੰਡੀਗੜ੍ਹ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪੂਜਾ ਦੀ ਮਾਂ ਬਾਲਾ ’ਤੇ ਵੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਉਹ ਮੌਜੂਦਾ ਸਮੇਂ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਹੈ। ਪੁਲੀਸ ਅਨੁਸਾਰ ਉਹ ਸੈਕਟਰ-25 ਵਿੱਚ ਸਥਾਨਕ ਨਸ਼ਾ ਤਸਕਰਾ ਤੋਂ ਨਸ਼ੀਲੇ ਪਦਾਰਥ ਖਰੀਦ ਕੇ ਟ੍ਰਾਈਸਿਟੀ ਵਿੱਚ ਸਪਲਾਈ ਕਰਦੀ ਸੀ।