ਗਾਇਕ ਹਰਭਜਨ ਮਾਨ ਨੇ ਮੇਲਾ ਲੁੱਟਿਆ
ਵਿਧਾਇਕ ਚੱਢਾ, ਸੰਦੋਆ, ਡੀਸੀ ਅਤੇ ਐੱਸਐੱਸਪੀ ਨੇ ਮੇਲੇ ਵਿੱਚ ਹਾਜ਼ਰੀ ਭਰੀ; ਪੀਰ ਬਾਬਾ ਜਿੰਦਾ ਸ਼ਹੀਦ ’ਤੇ ਸਾਲਾਨਾ ਜੋਡ਼ ਮੇਲਾ ਭਰਿਆ
Advertisement
ਪੁਲੀਸ ਸਟੇਸ਼ਨ ਦੀ ਹਦੂਦ ਅੰਦਰ ਸਥਿਤ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ’ਤੇ ਸਾਲਾਨਾ ਸ਼ਹੀਦੀ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਪੀਰ ਦੇ ਅਸਥਾਨ ਦੇ ਵਿਹੜੇ ਵਿੱਚ ਵਿਸ਼ਾਲ ਸਭਿਆਚਰਕ ਪ੍ਰੋਗਰਾਮ ਕਰਵਾਇਆ ਗਿਆ। ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਇੱਥੇ ਪਹਿਲਾ ਸ਼ੋਅ ਲਾਇਆ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਰੂਕੇਸ਼ਤਰ ਨੇੜੇ ਉਹ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਜਿਸ ਵਿੱਚ ਉਨ੍ਹਾਂ ਦੇ ਦੋਵੇਂ ਮੋਢੇ ’ਤੇ ਗੁੱਝੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਦੋ ਘੰਟੇ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ। ਆਪਣੇ ਪੁਰਾਣੇ ਤੇ ਨਵੇਂ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ। ਉਸ ਨੇ ‘ਚਿੱਠੀਏ ਨੀ ਚਿੱਠੀਏ’, ‘ਮਾਵਾਂ ਮਾਵਾਂ’, ‘ਮਿਰਜ਼ਾ’, ‘ਗੱਲਾਂ ਗੋਰੀਆਂ ਦੇ ਵਿੱਚ ਟੋਏ’ ਆਦਿ ਨਵੇਂ ਤੇ ਪੁਰਾਣੇ ਗੀਤ ਗਾਏ। ਇਸ ਮੇਲੇ ਵਿੱਚ ਗਾਇਕ ਹਰਮਿੰਦਰ ਨੂਰਪੁਰੀ, ਪੰਮਾਂ ਡੂਮੇਵਾਲੀਆ, ਬੱਲ ਸਾਊਪੁਰੀਆਂ ਸਮੇਤ ਦਰਜਨ ਤੋਂ ਵੱਧ ਗਾਇਕਾਂ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ। ਸਟੇਜ ਸੰਚਾਲਨ ਕਮਲਜੀਤ ਸੈਣੀ ਤੇ ਸੋਨੂ ਮੂਸਾਪੁਰੀਆ ਵੱਲੋਂ ਕੀਤਾ ਗਿਆ। ਮੇਲੇ ਨੂੰ ਸਫ਼ਲਤਾਪੂਰਵਕ ਸਿਰੇ ਚੜ੍ਹਾਉਣ ’ਚ ਐੱਸਐੱਸਓ ਇੰਸਪੈਕਟਰ ਸੁਨੀਲ ਕੁਮਾਰ ਨੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਦਿਨੇਸ਼ ਚੱਢਾ, ਸਾਬਾਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਡੀਸੀ ਵਰਜੀਤ ਵਾਲੀਆ, ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ‘ਆਪ’ ਆਗੂਆਂ ਨੇ ਸ਼ਹੀਦ ਪੀਰ ਬਾਬਾ ਜਿੰਦਾ ਸ਼ਹੀਦ ਦੇ ਅਸਥਾਨ ’ਤੇ ਮੱਥਾ ਟੇਕਿਆ।ਸਤਲੁਜ ਪ੍ਰੈੱਸ ਕਲੱਬ ਨੂਰਪੁਰ ਬੇਦੀ ਦੇ ਪ੍ਰਧਾਨ ਗੁਰਬੀਰ ਵਾਲੀਆ ਤੇ ਬਲਵਿੰਦਰ ਰੈਤ ਨੇ ਦੱਸਿਆ ਕਿ ਕਲੱਬ ਵੱਲੋਂ ਮਾਨ ਦਾ ਸਮਮਾਨ ਵੀ ਕੀਤਾ ਗਿਆ।
Advertisement
Advertisement