ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਨਾਜ ਮੰਡੀਆਂ ਵਿੱਚ ਸੰਨਾਟਾ, ਪਹਿਲੇ ਦਿਨ ਨਹੀਂ ਪੁੱਜੀ ਕਣਕ

ਪੰਜਾਬ ਮੰਡੀ ਬੋਰਡ ਤੇ ਡੀਸੀ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਤ
ਕਣਕ ਦੀ ਆਮਦ ਨਾ ਹੋਣ ਕਾਰਨ ਖ਼ਾਲੀ ਪਈ ਭਾਗੋਮਾਜਰਾ ਅਨਾਜ ਮੰਡੀ।
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 1 ਅਪਰੈਲ

Advertisement

ਪੰਜਾਬ ਵਿੱਚ ਅੱਜ ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਸੀ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਸਰਕਾਰੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪਰ ਮੁਹਾਲੀ ਸਮੇਤ ਜ਼ਿਲ੍ਹੇ ਦੇ ਕਿਸੇ ਵੀ ਅਨਾਜ ਮੰਡੀ ਮੰਗਲਵਾਰ ਨੂੰ ਕਣਕ ਦੀ ਫ਼ਸਲ ਨਹੀਂ ਪੁੱਜੀ। ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਵੱਲੋਂ ਅੱਜ ਲਾਂਡਰਾਂ ਨੇੜੇ ਪਿੰਡ ਭਾਗੋਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਸੰਨਾਟਾ ਛਾਇਆ ਹੋਇਆ ਸੀ। ਪਹਿਲੇ ਦਿਨ ਕੋਈ ਵੀ ਕਿਸਾਨ ਫ਼ਸਲ ਲੈ ਕੇ ਨਹੀਂ ਪਹੁੰਚਿਆ ਸੀ। ਉਧਰ, ਕਣਕ ਦੀ ਸਰਕਾਰੀ ਖ਼ਰੀਦ ਮੁਤੱਲਕ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਮੁਹਾਲੀ ਸਥਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।

ਮੁਹਾਲੀ ਨੇੜੇ ਖੇਤਾਂ ਵਿੱਚ ਖੜ੍ਹੀ ਪੱਕੀ ਕਣਕ ਦੀ ਫ਼ਸਲ।

ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਬਲਜਿੰਦਰ ਸਿੰਘ ਭਾਗੋਮਾਜਰਾ, ਜਸਪਾਲ ਸਿੰਘ ਨਿਆਮੀਆਂ ਅਤੇ ਕੁਲਵੰਤ ਸਿੰਘ ਤ੍ਰਿਪੜੀ ਨੇ ਦੱਸਿਆ ਕਿ ਹਾਲੇ ਕਣਕ ਦੀ ਫ਼ਸਲ ਚੰਗੀ ਤਰ੍ਹਾਂ ਨਾਲ ਪੱਕੀ ਨਹੀਂ ਹੈ ਅਤੇ ਫ਼ਸਲ ਨੂੰ ਪੱਕਣ ਲਈ ਹਾਲੇ ਹਫ਼ਤੇ ਤੋਂ ਵੱਧ ਸਮਾਂ ਲੱਗ ਸਕਦਾ ਹੈ। ਉਂਜ ਸਾਰੇ ਕਿਸਾਨ ਐਤਕੀਂ ਇਸ ਗੱਲੋਂ ਬੇਹੱਦ ਖ਼ੁਸ਼ ਹਨ ਕਿ ਇਸ ਵਾਰ ਫ਼ਸਲ ਕਾਫ਼ੀ ਚੰਗੀ ਹੋਈ ਹੈ ਅਤੇ ਜੇਕਰ ਮੌਸਮ ਠੀਕ ਰਿਹਾ ਤਾਂ ਪਹਿਲਾਂ ਨਾਲੋਂ ਵੱਧ ਝਾੜ ਨਿਕਲਣ ਦੀ ਸੰਭਾਵਨਾ ਹੈ। ਸਵੇਰੇ ਸਨੇਟਾ ਅਤੇ ਖਰੜ ਦੀ ਮੰਡੀ ਵਿੱਚ ਸੰਨਾਟਾ ਪਸਰਿਆ ਹੋਇਆ ਸੀ ਅਤੇ ਆਰਜ਼ੀ ਖਰੀਦ ਕੇਂਦਰਾਂ ਵਿੱਚ ਵੀ ਸੁੰਨ ਪੱਸਰੀ ਹੋਈ ਸੀ।

ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਮੰਡੀਆਂ ਅਤੇ ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਸਫ਼ਾਈ, ਬਿਜਲੀ-ਪਾਣੀ, ਆਰਜ਼ੀ ਬਾਥਰੂਮਾਂ, ਛਾਂ ਆਦਿ ਦੀ ਵਿਵਸਥਾ ਲਈ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਸਟਾਫ਼ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਰਦਾਨੇ ਦੀ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਧਿਕਾਰੀ ਟੀਮਾਂ ਬਣਾ ਕੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨਗੇ ਅਤੇ ਸਰਕਾਰੀ ਪ੍ਰਬੰਧਾਂ ਦੀ ਨਜ਼ਰਸਾਨੀ ਵੀ ਕਰਨਗੇ। ਇਸ ਦੌਰਾਨ ਕਿਸੇ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਫ਼ਸਲ ਖਰੀਦੀ ਜਾਵੇਗੀ ਅਤੇ ਨਾਲੋਂ-ਨਾਲ ਲਿਫ਼ਟਿੰਗ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾਵੇਗੀ।

ਰੂਪਨਗਰ ਜ਼ਿਲ੍ਹੇ ਵਿੱਚ ਖ਼ਰੀਦ ਦੇ ਪ੍ਰਬੰਧਾਂ ਦੀ ਸਮੀਖਿਆ

ਰੂਪਨਗਰ (ਜਗਮੋਹਨ ਸਿੰਘ): ਰੂਪਨਗਰ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪੁਖਤਾ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਕਣਕ ਦੀ ਖ਼ਰੀਦ ਏਜੰਸੀਆਂ ਅਤੇ ਸਮੂਹ ਆੜਤੀਆਂ ਨਾਲ ਮੀਟਿੰਗ ਕੀਤੀ ਅਤੇ ਸਬ ਡਵੀਜ਼ਨਲ ਮੈਜਿਸਟਰੇਟ ਸਮੇਤ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਪਲਾਈਜ਼ ਡਾ ਕਿੰਮੀ ਵਨੀਤ ਕੌਰ ਸੇਠੀ ਅਤੇ ਸਬੰਧਿਤ ਵਿਭਾਗਾਂ ਨੂੰ ਕਣਕ ਦੀ ਖ਼ਰੀਦ ਦੌਰਾਨ ਆਪਣੀ ਬਣਦੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਸਮੂਹ ਐੱਸ ਡੀ ਐੱਮ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਅਧੀਨ ਆਉਂਦੀ ਅਨਾਜ ਮੰਡੀ ਦੀ ਕਣਕ ਦੀ ਖ਼ਰੀਦ ਅਤੇ ਸਾਂਭ-ਸੰਭਾਲ ਲਈ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜ਼ਮੀਨੀ ਪੱਧਰ ਉੱਤੇ ਜਾ ਕੇ ਜਾਇਜ਼ਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ਉਤੇ ਸਟੋਰ ਕਰਨ ਲਈ ਲੇਬਰ, ਲੇਬਰ-ਕਾਰਟੇਜ ਅਤੇ ਟਰਾਂਸਪੋਰਟੇਸ਼ਨ ਦੇ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਯੋਤੀ ਸਿੰਘ, ਐਸ ਪੀ ਅਰਵਿੰਦ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐੱਸਡੀਐਮ ਮੋਰਿੰਡਾ ਸੁਖਪਾਲ ਸਿੰਘ, ਐਸਡੀਐਮ ਆਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸਡੀਐਮ ਰੂਪਨਗਰ ਸਚਿਨ ਪਾਠਕ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਨਵੀਤਾ, ਜ਼ਿਲ੍ਹਾ ਮੈਨੇਜਰ ਪਨਸਪ ਪਰਮਿੰਦਰਜੀਤ ਬੋਪਾਰਾਏ, ਜ਼ਿਲ੍ਹਾ ਮੈਨੇਜਰ ਵੇਅਰਹਾਉਸ ਰਘਵੀਰ ਸਿੰਘ ਆਦਿ ਹਾਜ਼ਰ ਸਨ।

Advertisement