Sikhlens ਗੋਸ਼ਟੀ: ਅੰਤਰ-ਧਾਰਮਿਕ ਕਹਾਣੀਆਂ ਅਤੇ ਸੰਵਾਦ ’ਤੇ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਅੱਜ Sikhlens ਗੋਸ਼ਟੀ 2025 ਕਰਵਾਈ ਗਈ, ਜਿਸ ਵਿਚ ਅੰਤਰ-ਧਾਰਮਿਕ ਕਹਾਣੀਆਂ ਅਤੇ ਸਭਿਆਚਾਰਕ ਵਿਰਾਸਤ ’ਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ। ਫਿਲਮ, ਕਲਾ, ਵਿਰਾਸਤ, ਨਵੇਂ ਮੀਡੀਆ ਅਤੇ ਸਮਾਜਿਕ ਪ੍ਰਭਾਵ ’ਤੇ ਕੇਂਦਰਿਤ ਇਸ ਗੋਸ਼ਟੀ ਨੇ ਸੰਵਾਦ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ।
ਇਹ ਗੋਸ਼ਟੀ 6ਵੇਂ ਸਾਲਾਨਾ Sikhlens: Sikh Arts & Film Festival 2025 India Chapter ਦਾ Curtain raiser ਸੀ, ਜੋ 22 ਫਰਵਰੀ ਨੂੰ ਟੈਗੋਰ ਥੀਏਟਰ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਫਿਲਮ ਨਿਰਮਾਤਾਵਾਂ, ਕਲਾਕਾਰਾਂ, ਪੱਤਰਕਾਰਾਂ, ਹਥਿਆਰਬੰਦ ਬਲਾਂ ਦੇ ਮੈਂਬਰ, ਲੋਕ ਕਲਾਕਾਰ, ਪ੍ਰਸ਼ਾਸਨਿਕ ਅਧਿਕਾਰੀ ਤੇ ਸਮਾਜਿਕ ਆਗੂ ਮੌਜੂਦ ਸਨ।
ਫੈਸਟੀਵਲ ਡਾਇਰੈਕਟਰ Ojaswee Sharma ਓਜਸਵੀ ਸ਼ਰਮਾ ਨੇ ਕਿਹਾ, “ਇਹ ਗੋਸ਼ਟੀ ਸੰਵਾਦ ਅਤੇ ਸਹਿਯੋਗ ਲਈ ਅਹਿਮ ਮੰਚ ਸਾਬਤ ਹੋਈ। ਸਾਡਾ ਉਦੇਸ਼ ਵੱਖ-ਵੱਖ ਕਹਾਣੀਆਂ ਨੂੰ ਉਭਾਰਨਾ ਹੈ, ਜੋ ਸਾਂਝੀ ਸੱਭਿਆਚਾਰਕ ਸਮਝ ਉਤਸ਼ਾਹਿਤ ਕਰਨ।”
Sikhlens ਦੇ ਸੰਸਥਾਪਕ ਬਿੱਕੀ ਸਿੰਘ ਅਤੇ ਗੁਰਪ੍ਰੀਤ ਕੇ. ਸਿੰਘ ਨੇ ਕਿਹਾ, “Sikhlens ਆਪਣੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਭਾਰਤ ਵਿੱਚ ਇਹ ਸਾਡਾ 6ਵਾਂ ਫਿਲਮ ਮੇਲਾ ਹੋਵੇਗਾ। ਭਾਰਤ ਵਿੱਚ ਅਸੀਮ ਸੰਭਾਵਨਾਵਾਂ ਹਨ, ਅਤੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਹਿਲਕਦਮੀ ਨਾਲ ਜੁੜਨ ਲਈ ਸੱਦਾ ਦਿੰਦੇ ਹਾਂ।”
ਇਸ ਦੌਰਾਨ “ਨਵੀਂ ਪੀੜ੍ਹੀ ਨੂੰ ਜੋੜਨ ਲਈ ਨਵੇਂ ਮੀਡੀਆ ਅਤੇ ਅੰਤਰਧਾਰਮਿਕ ਸੰਵਾਦ’, ‘ਕਲਾ ਤੇ ਵਿਰਾਸਤ ਦੀ ਸੰਭਾਲ ਤੇ ਪੁਨਰਉਥਾਨ’, ‘ਸਮਾਜਿਕ ਜਾਗਰੂਕਤਾ ਲਈ ਭਾਈਚਾਰਕ ਕਹਾਣੀਆਂ’, ‘ਸੰਗੀਤ, ਅਭਿਨੈ ਤੇ ਲਿਖਤਾਂ ਰਾਹੀਂ ਕਹਾਣੀ ਸੁਣਾਉਣ ਦੀ ਸ਼ਕਤੀ’ ਤੇ ‘ਅੰਤਰਧਾਰਮਿਕ ਸੰਵਾਦ ਅਤੇ ਸਿੱਖ ਰਵਾਇਤਾਂ ਦਾ ਵਿਸ਼ਵ ਪੱਧਰੀ ਪ੍ਰਭਾਵ’ ਵਿਸ਼ੇ ’ਤੇ ਸੈਸ਼ਨ ਹੋਏ। ਗੋਸ਼ਠੀ ਦੇ ਸਮਾਪਨ ’ਤੇ ਓਜਸਵੀ ਸ਼ਰਮਾ ਨੇ ਸਮਾਵੇਸ਼ੀ ਸਿਨੇਮਾ ਅਤੇ ਕਮਿਊਨਿਟੀ-ਅਧਾਰਿਤ ਕਹਾਣੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੁਹਰਾਈ।