ਸਿੱਧੂ ਨੇ ਸੈਕਟਰ-76 ਤੋਂ 80 ਦੇ ਅਲਾਟੀਆਂ ਦੇ ਮਾਮਲੇ ’ਚ ਵਿਧਾਇਕ ਨੂੰ ਘੇਰਿਆ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 21 ਜੂਨ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ਉੱਤੇ ਸੈਕਟਰ 76 ਤੋਂ 80 ਦੇ ਅਲਾਟੀਆਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਗਮਾਡਾ ਵੱਲੋਂ ਥੋਪੇ ਨਾਜਾਇਜ਼ ਵਾਧੇ ਨੂੰ ਰੱਦ ਕਰਾਉਣ ਲਈ ਪੀੜਤਾਂ ਨਾਲ ਖੜ੍ਹਨ ਦੀ ਥਾਂ ਵਿਧਾਇਕ ਗਮਾਡਾ ਦਾ ਪੱਖ ਪੂਰ ਰਹੇ ਹਨ। ਸ੍ਰੀ ਸਿੱਧੂ ਅੱਜ ਇੱਥੋਂ ਦੇ ਫੇਜ਼ ਇੱਕ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਹੈ ਕਿ ਵਿਧਾਇਕ ਵੱਲੋਂ ਪੀੜਤਾਂ ਨਾਲ ਖੜ੍ਹਨ ਦੀ ਥਾਂ ਇਸ ਮਾਮਲੇ ਵਿੱਚ ਗਮਾਡਾ ਦਾ ਪੱਖ ਪੂਰਨਾ ਲੋਕ ਹਿੱਤਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਸਾਲ 2001 ਦੇ ਅਲਾਟੀਆਂ ਨੂੰ 22 ਸਾਲ ਬਾਅਦ 2023 ਵਿੱਚ 3164 ਰੁਪਏ ਪ੍ਰਤੀ ਵਰਗ ਮੀਟਰ ਵਾਧੇ ਦੇ ਨੋਟਿਸ ਜਾਰੀ ਕਰਨ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਕਾਂਗਰਸੀ ਆਗੂ ਨੇ ਹਲਕਾ ਵਿਧਇਕ ਦੀ ਇਸ ਦਲੀਲ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮੀਨ ਮਾਲਕਾਂ ਦੇ ਮੁਆਵਜ਼ੇ ਵਿਚ ਕੀਤੇ ਵਾਧੇ ਕਾਰਨ ਗਮਾਡਾ ਨੂੰ ਪਲਾਟ ਅਲਾਟੀਆਂ ਤੋਂ ਵੱਧ ਪੈਸੇ ਵਸੂਲਣੇ ਪੈ ਰਹੇ ਹਨ, ਨੂੰ ਰੱਦ ਕਰਦਿਆਂ ਕਿਹਾ ਕਿ ਗਮਾਡਾ ਨੇ ਤੁਰੰਤ ਕਾਰਵਾਈ ਕਿਉਂ ਨਾ ਕੀਤੀ। ਉਨ੍ਹਾਂ ਪੁੱਛਿਆ ਕਿ ਗਮਾਡਾ ਨੇ 800 ਰੁਪਏ ਪ੍ਰਤੀ ਵਰਗ ਮੀਟਰ ਨੂੰ ਵਿਆਜ-ਦਰ-ਵਿਆਜ ਲਾ ਕੇ 3164 ਰੁਪਏ ਤੱਕ ਕਿਉਂ ਵਧਾਇਆ।
ਸ੍ਰੀ ਸਿੱਧੂ ਨੇ ਕਿਹਾ ਕਿ ਗਮਾਡਾ ਦੀ ਅਣਗਹਿਲੀ ਜਾਂ ਗ਼ਲਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਦੀ ਥਾਂ ਖ਼ੁਦ ਗਮਾਡਾ ਜਾਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਭੁਗਤਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਮੁਹਾਲੀ ਦੀਆਂ ਜ਼ਮੀਨਾਂ ਵਿੱਚੋਂ ਹਜ਼ਾਰਾਂ ਕਰੋੜ ਦੀ ਕਮਾਈ ਕਰ ਰਿਹਾ ਹੈ ਤੇ ਉਹ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਕਮਾਈ ਵਿੱਚੋਂ ਕੁੱਝ ਕਿਉਂ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਪ੍ਰਚਾਰੀ ਜਾ ਰਹੀ 839 ਰੁਪਏ ਪ੍ਰਤੀ ਵਰਗ ਮੀਟਰ ਦੀ ਮੁਆਫ਼ੀ ਮਹਿਜ਼ ਬਿਆਨ ਹੀ ਹੈ ਕਿਉਂਕਿ ਇਸ ਸਬੰਧੀ ਅਜੇ ਤੱਕ ਕੋਈ ਲਿਖਤੀ ਫ਼ੈਸਲਾ ਸਾਹਮਣੇ ਨਹੀਂ ਆਇਆ।
ਇਸ ਮੌਕੇ ਸਾਬਕਾ ਚੈਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਦਿਆਲ ਚੰਦ ਬਡਬਰ, ਕਮਲਪ੍ਰੀਤ ਸਿੰਘ ਬੰਨੀ ਕੌਂਸਲਰ, ਨਵਜੋਤ ਸਿੰਘ ਬਾਛਲ, ਪਰਦੀਪ ਸਿੰਘ ਤੰਗੌਰੀ, ਐਡਵੋਕੇਟ ਸੁਰਿੰਦਰ ਪਾਲ ਸਿੰਘ ਚਾਹਲ, ਪਰਦੀਪ ਵਰਮਾ, ਕਰਮਜੀਤ ਸਿੰਘ ਸਿੱਧੂ ਹਾਜ਼ਰ ਸਨ।
ਜਲਦੀ ਜਾਰੀ ਹੋਵੇਗਾ ਮੁਆਫ਼ੀ ਦਾ ਨੋਟੀਫਿਕੇਸ਼ਨ: ਵਿਧਾਇਕ
ਵਿਧਾਇਕ ਕੁਲਵੰਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ 76 ਤੋਂ 80 ਦੇ ਅਲਾਟੀਆਂ ਬਾਰੇ ਪਿਛਲੇ ਦਿਨੀਂ ਜੋ ਕਿਹਾ ਸੀ, ਉਹ ਅੱਜ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਅਲਾਟੀਆਂ ਨੂੰ ਪੈਸੇ ਭਰਨ ਲਈ ਨੋਟਿਸ ਜਾਰੀ ਹੋਣੋਂ ਰੋਕੇ ਗਏ ਜਿਸ ਦਾ ਖ਼ਮਿਆਜ਼ਾ ਅਲਾਟੀ ਭੁਗਤ ਰਹੇੇ ਹਨ। ਉਨ੍ਹਾਂ ਕਿਹਾ ਕਿ ਮੁਆਫ਼ੀ ਵਾਲਾ ਨੋਟੀਫਿਕੇਸ਼ਨ ਜਲਦੀ ਜਾਰੀ ਹੋ ਜਾਵੇਗਾ।