ਧਨਤੇਰਸ ਮੌਕੇ ਦੁਕਾਨਾਂ ’ਤੇ ਰੌਣਕਾਂ ਲੱਗੀਆਂ
ਚੰਡੀਗੜ੍ਹ ਟਰਾਈਸਿਟੀ ਵਿੱਚ ਤਿਉਹਾਰਾਂ ਦੀ ਆਮਦ ਕਰ ਕੇ ਬਾਜ਼ਾਰਾਂ ਵਿੱਚ ਖ਼ਰੀਦਦਾਰਾਂ ਦੀ ਭੀੜ ਲੱਗੀ ਹੋਈ ਹੈ। ਅੱਜ ਧਨਤੇਰਸ ’ਤੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਭਾਂਡਿਆਂ ਤੇ ਗਹਿਣਿਆਂ ਦੀ ਦੁਕਾਨਾਂ ’ਤੇ ਵੀ ਸਾਰਾ ਦਿਨ ਭੀੜ ਲੱਗੀ ਰਹੀ। ਭੀੜ ਕਰ ਕੇ ਲੋਕਾਂ ਨੂੰ ਖ਼ਰੀਦਦਾਰੀ ਵਿੱਚ ਦਿੱਕਤਾਂ ਵੀ ਆਈਆਂ। ਅੱਜ ਸ਼ਹਿਰ ਦੇ ਸੈਕਟਰ-7, 8, 9, 10, 18, 19, 20, 21, 22, 24, 35, 36, 37, ਮਨੀਮਾਜਰਾ ਸਣੇ ਹੋਰਨਾਂ ਬਾਜ਼ਾਰਾਂ ਵਿੱਚ ਭੀੜ ਲੱਗੀ ਰਹੀ ਹੈ। ਇਹੀ ਹਾਲਤ ਮੁਹਾਲੀ ਤੇ ਪੰਚਕੂਲਾ ਦੇ ਬਾਜ਼ਾਰਾਂ ਦੇ ਬਣੀ ਹੋਈ ਸੀ।
ਜ਼ਿਕਰਯੋਗ ਹੈ ਕਿ ਧਨਤੇਰਸ ਦੇ ਦਿਨ ਭਾਂਡੇ ਜਾਂ ਗਹਿਣੇ ਖ਼ਰੀਦਣਾ ਚੰਗਾ ਮੰਨਿਆ ਜਾਂਦਾ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਭਾਂਡਿਆਂ ਤੇ ਗਹਿਣਿਆਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਇੱਥੇ ਭਾਂਡਿਆਂ ਦੀਆਂ ਅਤੇ ਗਹਿਣਿਆਂ ਦੀਆਂ ਦੁਕਾਨਾਂ ’ਤੇ ਵੱਡੀ ਗਿਣਤੀ ਲੋਕ ਪੁੱਜੇ। ਲੋਕਾਂ ਨੇ ਅੱਜ ਗਹਿਣਿਆਂ ਦੇ ਨਾਲ-ਨਾਲ ਸੋਨੇ ਤੇ ਚਾਂਦੀ ਦੇ ਸਿੱਕੇ ਵੀ ਖ਼ਰੀਦੇ ਹਨ। ਹਾਲਾਂਕਿ ਸੋਨੇ ਅਤੇ ਚਾਂਦੀ ਦੀਆਂ ਵਧੀਆਂ ਕੀਮਤਾਂ ਕਰ ਕੇ ਕੰਮ ’ਤੇ ਮਾਮੂਲੀ ਅਸਰ ਜ਼ਰੂਰ ਦਿਖਾਈ ਦਿੱਤੀ ਹੈ। ਇਸ ਕਾਰਨ ਲੋਕ ਹਲਕੇ ਗਹਿਣੇ ਖ਼ਰੀਦਣਾ ਜ਼ਿਆਦਾ ਪਸੰਦ ਕਰ ਰਹੇ ਹਨ।
ਮੁਹਾਲੀ ਦੇ ਫੇਜ਼-7 ਵਿੱਚ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਸੋਨੇ ਤੇ ਚਾਂਦੀ ਦੀਆਂ ਵਧੀਆਂ ਕੀਮਤਾਂ ਦੇ ਬਾਵਜੂਦ ਲੋਕ ਆਪਣੀ ਸਮਰੱਥਾ ਅਨੁਸਾਰ ਖ਼ਰੀਦਦਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਈਸਿਟੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 1,21,500 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 1,36,240 ਰੁਪਏ ਪ੍ਰਤੀ 10 ਗ੍ਰਾਮ ਚੱਲ ਰਹੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਦੋ ਹਜ਼ਾਰ ਰੁਪਏ ਪ੍ਰਤੀ ਤੋਲਾ (10 ਗ੍ਰਾਮ) ਹੈ।
ਭੀੜ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਦੀਵਾਲੀ ਦੇ ਤਿਉਹਾਰ ਕਾਰਨ ਬਾਜ਼ਾਰਾਂ ਵਿੱਚ ਰੌਣਕਾਂ ਹਨ ਅਤੇ ਸੜਕਾਂ ਉੱਤੇ ਭੀੜ ਹੈ। ਇਸ ਕਾਰਨ ਕਈ ਸੜਕਾਂ ’ਤੇ ਆਵਾਜਾਈ ਜਾਮ ਹੋਣ ਵਰਗੇ ਹਾਲਾਤ ਬਣ ਗਏ ਸਨ। ਮੁਹਾਲੀ ਵਿੱਚ ਵੱਖ-ਵੱਖ ਥਾਵਾਂ ਉੱਤੇ ਲੱਗੇ ਹੋਏ ਦੀਵਾਲੀ ਮੇਲਿਆਂ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਥਾਂ-ਥਾਂ ਪਟਾਕਿਆਂ ਦੇ ਸਟਾਲ ਲੱਗੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ਉੱਤੇ ਹੀ ਪਟਾਕੇ ਵੇਚਣ ਦੇ ਹੁਕਮਾਂ ਦੀ ਵੀ ਉਲੰਘਣਾ ਹੋ ਰਹੀ ਹੈ। ਸ਼ਹਿਰ ਵਿੱਚ ਮਠਿਆਈ, ਕੱਪੜਿਆਂ, ਗਹਿਣਿਆਂ ਤੇ ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਲੱਗੀ ਹੋਈ ਹੈ।