ਫੇਜ਼ 11 ਦੇ ਮਕਾਨਾਂ ਵਿਚਲੇ ਦੁਕਾਨਦਾਰਾਂ ਦਾ ਧਰਨਾ
ਮੁਹਾਲੀ ਦੇ ਫੇਜ਼ 11 ਦੇ ਕੁਆਰਟਰਾਂ ਵਿਖੇ ਵਰ੍ਹਿਆਂ ਤੋਂ ਦੁਕਾਨਾਂ ਕਰਦੇ ਆ ਰਹੇ ਦੁਕਾਨਦਾਰਾਂ ਨੇ ਅੱਜ ਦੁਕਾਨਾਂ ਬੰਦ ਕਰਾਉਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਫੇਜ਼ ਗਿਆਰਾਂ ਵਿਖੇ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਗਮਾਡਾ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਵਿਚੋਂ ਕਈ ਦੁਕਾਨਦਾਰ 1984 ਦੇ ਦੰਗਾ ਪੀੜਤ ਪਰਿਵਾਰਾਂ ਨਾਲ ਵੀ ਸਬੰਧਿਤ ਸਨ, ਜਿਨ੍ਹਾਂ ਨੂੰ ਇੱਥੇ ਕੁਆਰਟਰ ਅਲਾਟ ਹੋਏ ਸਨ ਅਤੇ ਆਪਣੇ ਘਰਾਂ ਵਿਚ ਆਪਣਾ ਖਰਚਾ ਚਲਾਉਣ ਲਈ ਇਨ੍ਹਾਂ ਵਸਨੀਕਾਂ ਵੱਲੋਂ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਆਪਣੀਆਂ ਦੁਕਾਨਾਂ ਅਤੇ ਮਕਾਨਾਂ ਦੇ ਬਾਹਰ ਕੀਤੇ ਬਣਾਏ ਸ਼ੈੱਡ ਅਤੇ ਹੋਰ ਉਸਾਰੀਆਂ ਖ਼ੁਦ ਹੀ ਹਟਾ ਦਿੱਤੀਆਂ ਹਨ ਪਰ ਹੁਣ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਪਾਲਣਾ ਔਖੀ ਹੋ ਜਾਵੇਗੀ। ਧਰਨੇ ਵਿਚ ਪਹੁੰਚੇ ਕਾਂਗਰਸੀ ਆਗੂ ਗੌਰਵ ਜੈਨ ਨੇ ਵੀ ਦੁਕਾਨਦਾਰਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਵਰ੍ਹਿਆਂ ਤੋਂ ਰੁਜ਼ਗਾਰ ਚਲਾ ਰਹੇ ਲੋਕਾਂ ਦਾ ਰੁਜ਼ਗਾਰ ਖੋਹਣਾ ਨਿੰਦਣਯੋਗ ਹੈ। ਧਰਨੇ ਵਿਚ ਥਾਣਾ ਫੇਜ਼ 11 ਦੇ ਐੱਸ ਐੱਚ ਓ ਵੀ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਸੋਨੀਆ ਸਿੱਧੂ, ਰਾਜੂ ਕਮਨੀਕੇਸ਼ਨ, ਰਮਨ ਅਰੋੜਾ, ਰਮਨ ਸਲੂਜਾ, ਐਚ ਐਸ ਇਲੈਕਟਰੀਸ਼ਨ, ਵਿੱਕੀ ਗਰਗ, ਬਾਲਾ ਠਾਕਰ ਸਣੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।
