ਸ਼ੇਰ-ਏ ਪੰਜਾਬ ਸਪੋਰਟਸ ਕਲੱਬ ਨੇ ਫੁੱਟਬਾਲ ਟੂਰਨਾਮੈਂਟ ਜਿੱਤਿਆ
ਸ਼ੇਰ-ਏ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਦੀ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ 39ਵੀਂ ਜੇ.ਸੀ.ਟੀ. ਪੰਜਾਬ ਸੁਪਰ ਲੀਗ ਦੇ ਫਾਈਨਲ ਮੁਕਾਬਲੇ ਦੌਰਾਨ ਪੁਲੀਸ ਦੀ ਟੀਮ ਨੂੰ ਰੋਮਾਂਚਕਾਰੀ ਫਾਈਨਲ ਮੁਕਾਬਲੇ ਦੌਰਾਨ ਹਰਾ ਕੇ ਜੇਤੂ ਟਰਾਫੀ ’ਤੇ ਕਬਜ਼ਾ ਕਰ ਲਿਆ। ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਅਤੇ ਸ਼ੇਰ-ਏ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਟੀਮ ਆਪਣੇ ਪੂਲ ਦੇ ਸਾਰੇ 5 ਮੈਚ ਜਿੱਤ ਕੇ ਫਾਈਨਲ ਵਿੱਚ ਪੁੱਜੀ ਸੀ, ਜਦੋਂ ਕਿ ਸਪੋਰਟਸ ਕਲੱਬ ਸ਼ਾਮਪੁਰਾ ਦੀ ਟੀਮ ਆਪਣੇ ਪੂਲ ਦੇ 7 ਮੈਚਾਂ ਵਿੱਚੋਂ 6 ਮੈਚ ਜਿੱਤ ਕੇ ਫਾਈਨਲ ਵਿੱਚ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਹਾਫ ਦੌਰਾਨ ਦੋਵੇਂ ਟੀਮਾਂ ਇੱਕ ਇੱਕ ਗੋਲ ਹੋਰ ਕਰਕੇ ਫਿਰ ਬਰਾਬਰੀ ’ਤੇ ਪੁੱਜ ਗਈਆਂ ਤੇ ਦੂਜੇ ਹਾਫ ਦੌਰਾਨ ਸ਼ੇਰ-ਏ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੇ 3 ਗੋਲ ਹੋਰ ਕਰ ਕੇ 6-3 ਦੇ ਫਰਕ ਨਾਲ ਜੇਤੂ ਟਰਾਫੀ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹੋਏ ਪੰਜਾਬ ਸੁਪਰ ਲੀਗ ਦੇ ਹੋਏ ਫੁੱਟਬਾਲ ਮੁਕਾਬਲਿਆਂ ਦੌਰਾਨ ਕਿਸੇ ਟੀਮ ਵਿਰੁੱਧ ਅੱਧੀ ਦਰਜਨ ਗੋਲ ਕਰਨ ਵਾਲੀ ਸ਼ੇਰ-ਏ ਪੰਜਾਬ ਸਪੋਰਟਸ ਕਲੱਬ ਦੀ ਟੀਮ ਪਹਿਲੀ ਟੀਮ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲਿਆਂ ਦੌਰਾਨ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਇਲਾਵਾ ਸਮੁੱਚੇ ਭਾਰਤ ਤੋਂ ਦਰਸ਼ਕ ਟੂਰਨਾਮੈਂਟ ਦਾ ਆਨੰਦ ਮਾਨਣ ਲਈ ਪੁੱਜੇ ਤੇ ਮੁੱਖ ਮਹਿਮਾਨ ਵੱਜੋਂ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕੋਚ ਤੇ ਅਰਜਨ ਅਵਾਰਡੀ ਗੁਰਦੇਵ ਸਿੰਘ ਗਿੱਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਸਕੱਤਰ ਜਸਵਿੰਦਰ ਸਿੰਘ ਪਤਿਆਲਾਂ, ਖਜ਼ਾਨਚੀ ਸੁਖਵਿੰਦਰ ਸਿੰਘ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਮੈਂਬਰ ਮਨਮੋਹਨ ਸਿੰਘ ਪਾਵਰ ਕਾਲੋਨੀ, ਸ਼ੇਰੇ ਪੰਜਾਬ ਕਲੱਬ ਦੀ ਟੀਮ ਦੇ ਮੈਨੇਜਰ ਜਸਵਿੰਦਰ ਸਿੰਘ ਭੁੱਲਰ, ਕੋਚ ਲਵਪ੍ਰੀਤ ਸਿੰਘ ਗੈਰੀ ਹਾਜ਼ਰ ਸਨ।
ਫੋਟੋ ਕੈਪਸ਼ਨ: ਮੁੱਖ ਮਹਿਮਾਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।