ਸ਼ਹੀਦੀ ਸਭਾ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ 400 ਲੰਗਰ ਮਨਜ਼ੂਰ
ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 400 ਲੰਗਰਾਂ ਨੂੰ ਮਨਜ਼ੂਰੀ ਦਿੱਤੀ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖ ਕੇ ਫ਼ਤਹਿਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਤੱਕ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਤੇ ਕਮੇਟੀਆਂ ਨੂੰ ਜਗ੍ਹਾ ਅਲਾਟ ਕਰਨ ਲਈ ਇਥੇ ਮੀਟਿੰਗ ਹੋਈ ਜਿਸ ’ਚ ਸਿਵਲ ਤੇ ਪੁਲੀਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਸ਼ਾਮਲ ਹੋਏ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਅਵਤਾਰ ਸਿੰਘ ਰਿਆ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਰਵਿੰਦਰ ਸਿੰਘ ਖ਼ਾਲਸਾ ਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਇਸ ਸਾਲ 400 ਲੰਗਰਾਂ ਲਈ ਜਗ੍ਹਾ ਅਲਾਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਮੈਡੀਕਲ ਕੈਂਪ ਨਾ ਲਾਇਆ ਜਾਵੇ। ਪ੍ਰਸ਼ਾਸਨ ਨੇ ਲੰਗਰ ਕਮੇਟੀਆਂ ਨੂੰ ਲੰਗਰਾਂ ’ਚ ਅੱਗ ਬੁਝਾਊ ਯੰਤਰ ਰੱਖਣ ਦੀ ਅਪੀਲ ਕੀਤੀ। ਗਿਆਨੀ ਹਰਪਾਲ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਦੀ ਆਰੰਭਤਾ ਨਾਲ ਸਭਾ ਸ਼ੁਰੂ ਹੋਵੇਗੀ ਤੇ 27 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਸਮਾਪਤੀ ਨਾਲ ਸੰਪੂਰਨਤਾ ਹੋਵੇਗੀ। ਦੀਵਾਨ ਟੋਡਰ ਮੱਲ ਹਾਲ ਵਿਚ ਤਿੰਨ ਦਿਨ ਕੀਰਤਨ ਚੱਲੇਗਾ।
ਆਵਾਜਾਈ ਦੇ ਬਦਲਵੇਂ ਪ੍ਰਬੰਧ ਹੋਣਗੇ: ਐੱਸ ਐੱਸ ਪੀ
ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਸਾਈਡ ਤੋਂ ਮਾਧੋਪੁਰ ਚੌਕ ਰਾਹੀਂ ਆਉਣ ਵਾਲੀ ਟਰੈਫਿਕ ਵਾਇਆ ਰੇਲਵੇ ਅੰਡਰ ਬ੍ਰਿਜ ਰਾਹੀ ਸ਼ਮਸ਼ੇਰ ਨਗਰ ਚੌਕ ਤੋਂ ਵਿਕਟੋਰੀਆਂ ਸਟਰੀਟ ਪਾਰਕਿੰਗ (ਸਰਹਿੰਦ ਚੰਡੀਗੜ੍ਹ ਰੋਡ) ਜਾਵੇਗੀ ਤੇ ਵਿਕਟੋਰੀਆ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਅਤੇ ਜੀ ਟੀ ਰੋਡ ਸਾਈਡ ਨੂੰ ਜਾਣ ਵਾਲੀ ਟਰੈਫਿਕ ਸਮਸ਼ੇਰ ਨਗਰ ਚੌਕ ਤੋਂ ਬਾਈਪਾਸ ਓਵਰ ਬ੍ਰਿਜ, ਗੋਲ ਚੌਕ ਰਾਹੀਂ ਚਾਵਲਾ ਚੌਕ ਜੀ ਟੀ ਰੋਡ ਨੂੰ ਜਾਵੇਗੀ। ਇਸੇ ਤਰ੍ਹਾਂ ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਕ ਤੋਂ ਵਾਇਆ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਕ ਤੋਂ ਵਾਪਸ ਵਿਕਟੋਰੀਆ ਸਟਰੀਟ ਪਾਰਕਿੰਗ ਜਾਵੇਗੀ।
