ਸੀਨੀਅਰ ਡਿਪਟੀ ਮੇਅਰ ਵੱਲੋਂ ਕਜੌਲੀ ਵਾਟਰ ਵਰਕਸ ਦਾ ਦੌਰਾ
ਮੁਲਾਜ਼ਮਾਂ ਨੇ ਸੀਨੀਅਰ ਡਿਪਟੀ ਮੇਅਰ ਨੂੰ ਦੱਸਿਆ ਕਿ ਫੇਜ਼-1 ਅਤੇ ਫੇਜ਼-2 ਦੀ ਦੇਖਭਾਲ ਪੰਜਾਬ ਦੇ ਕਰਮਚਾਰੀ ਕਰਦੇ ਹਨ, ਜਦਕਿ ਫੇਜ਼-3 ਅਤੇ ਫੇਜ਼-4 ਚੰਡੀਗੜ੍ਹ ਨਗਰ ਨਿਗਮ ਦੇ ਕਰਮਚਾਰੀ ਚਲਾਉਂਦੇ ਹਨ। ਫੇਜ਼-3 ਅਤੇ ਫੇਜ਼-4 ਤੋਂ ਪਾਣੀ ਸਿੱਧਾ ਸੈਕਟਰ-39 ਵਾਟਰ ਵਰਕਸ ਨੂੰ ਸਪਲਾਈ ਕੀਤਾ ਜਾਂਦਾ ਹੈ। ਮੁਲਾਜ਼ਮਾਂ ਨੇ ਇਹ ਵੀ ਦੱਸਿਆ ਕਿ ਇਹ ਚਾਰੋਂ ਫੇਜ਼ ਸੰਨ 1983 ਤੋਂ 2004 ਦੇ ਵਿਚਕਾਰ ਲਗਾਏ ਗਏ ਸਨ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਲੱਗੀ ਮਸ਼ੀਨਰੀ 24 ਘੰਟੇ ਲਗਾਤਾਰ ਚਲਦੀ ਹੈ ਅਤੇ ਸਿਰਫ ਬਿਜਲੀ ਜਾਣ ’ਤੇ ਹੀ ਬੰਦ ਹੁੰਦੀ ਹੈ। ਇੱਥੇ ਹਾਈਟੈਂਸ਼ਨ (ਐੱਚ ਟੀ) ਲਾਈਨ ਵਿਛੀ ਹੋਣ ਕਰਕੇ ਬਿਜਲੀ ਬਹੁਤ ਘੱਟ ਜਾਂਦੀ ਹੈ।
ਨਿਰੀਖਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਬੰਟੀ ਨੇ ਕਿਹਾ ਕਿ ਭਾਵੇਂ ਮਸ਼ੀਨਾਂ ਇਸ ਵੇਲੇ ਠੀਕ ਚੱਲ ਰਹੀਆਂ ਹਨ ਪਰ ਇਹ ਕਾਫ਼ੀ ਪੁਰਾਣੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਸਮੇਂ-ਸਮੇਂ ’ਤੇ ਮੁਰੰਮਤ ਹੋਣੀ ਜ਼ਰੂਰੀ ਹੈ। ਉਨ੍ਹਾਂ 66 ਕੇ ਵੀ ਅਤੇ 11 ਕੇ ਵੀ ਦੇ ਟਰਾਂਸਫਾਰਮਰ, ਐੱਚ ਟੀ-ਐੱਲ ਟੀ ਪੈਨਲ ਅਤੇ ਫੇਜ਼-3 ਅਤੇ ਫੇਜ਼-4 ਦੀ ਪੁਰਾਣੀ ਪਾਈਪਲਾਈਨ ਨੂੰ ਜਲਦੀ ਬਦਲਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਸ਼ਹਿਰ ਨੂੰ ਸਾਫ਼ ਅਤੇ ਲਗਾਤਾਰ ਪਾਣੀ ਦੀ ਸਪਲਾਈ ਮੁਹੱਈਆ ਰਹੇ।
