ਮੇਅਰ ਦੀ ਗ਼ੈਰਹਾਜ਼ਰੀ ’ਚ ਸੀਨੀਅਰ ਡਿਪਟੀ ਮੇਅਰ ਵੱਲੋਂ ਵਿਸ਼ੇਸ਼ ਮੀਟਿੰਗ ਦੀ ਤਿਆਰੀ
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਵੱਲੋਂ ਮੀਡੀਆ ਨੂੰ ਭੇਜੀ ਜਾਣਕਾਰੀ ਮੁਤਾਬਕ ਜਦੋਂ ਮੇਅਰ ਛੁੱਟੀ ’ਤੇ ਹੁੰਦਾ ਹੈ ਜਾਂ ਵਿਦੇਸ਼ ਵਿੱਚ ਹੁੰਦਾ ਹੈ ਤਾਂ ਸੀਨੀਅਰ ਡਿਪਟੀ ਮੇਅਰ 1/4 ਬਹੁਮਤ ਨਾਲ ਇੱਕ ਵਿਸ਼ੇਸ਼ ਮੀਟਿੰਗ ਬੁਲਾ ਸਕਦੇ ਹਨ। ਕਮਿਸ਼ਨਰ ਨੂੰ ਸੌਂਪੇ ਗਏ ਪੱਤਰ ’ਤੇ ਡਿਪਟੀ ਮੇਅਰ ਅਤੇ ਕੌਂਸਲਰ ਤਰੁਣਾ ਮਹਿਤਾ, ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਜਸਬੀਰ ਸਿੰਘ ਬੰਟੀ, ਪ੍ਰੇਮਲਤਾ, ਵਿਰੋਧੀ ਧਿਰ ਦੀ ਆਗੂ ਜਸਵਿੰਦਰ ਕੌਰ, ਯੋਗੇਸ਼ ਢੀਂਗਰਾ, ਕੁਲਦੀਪ ਕੁਮਾਰ, ਹਰਦੀਪ ਸਿੰਘ ਬੁਟੇਰਲਾ, ਮੁਨੱਵਰ, ਰਾਮਚੰਦਰ ਯਾਦਵ, ਨਿਰਮਲਾ, ਸਚਿਨ ਗਾਲਿਬ ਅਤੇ ਪੂਨਮ ਨੇ ਦਸਤਖ਼ਤ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੀਟਿੰਗ ਸੱਦਣ ਦਾ ਮਕਸਦ ਜਨਤਕ ਹਿੱਤ ਵਿੱਚ ਪਾਕੇਟ ਨੰਬਰ 6, ਮਨੀਮਾਜਰਾ ਵਿੱਚ ਜ਼ਮੀਨ ਦੇ ਨਿਬੇੜੇ ਦੇ ਮੁੱਦੇ ’ਤੇ ਚਰਚਾ ਕਰਨਾ ਹੈ ਕਿਉਂਕਿ ਜਨਤਕ ਫੰਡਾਂ ਅਤੇ ਸੰਪਤੀਆਂ ਦੀ ਦੁਰਵਰਤੋਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਏਜੰਡਾ ਵਿਰੋਧੀ ਕੌਂਸਲਰਾਂ ਦੀ ਗੈਰਹਾਜ਼ਰੀ ਵਿੱਚ ਗਲਤ ਢੰਗ ਨਾਲ ਪਾਸ ਕਰ ਦਿੱਤਾ ਗਿਆ ਸੀ। ਇਸ ਲਈ ਏਜੰਡੇ ’ਤੇ ਇੱਕ ਵਿਸ਼ੇਸ਼ ਸੈਸ਼ਨ ਕਰਵਾਉਣ ਲਈ ਜ਼ਰੂਰੀ ਪ੍ਰਬੰਧ ਕੀਤਾ ਜਾਵੇ।
ਬੰਟੀ ਨੇ ਕਿਹਾ ਕਿ ਨਿਗਮ ਵੱਲੋਂ ਜੇਕਰ ਇਸ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਧਰਨਾ ਪ੍ਰਦਰਸ਼ਨ ਕਰਕੇ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਦਾ ਚਿਹਰਾ ਨੰਗਾ ਕੀਤਾ ਜਾਵੇਗਾ।
ਕੌਂਸਲਰਾਂ ਨੂੰ ਵਿਕਾਸ ਫੰਡਾਂ ਲਈ 50-50 ਲੱਖ ਰੁਪਏ ਤੁਰੰਤ ਅਲਾਟ ਕੀਤੇ ਜਾਣ: ਬੰਟੀ
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਇੱਕ ਵੱਖਰੇ ਬਿਆਨ ਰਾਹੀਂ ਮੰਗ ਕੀਤੀ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਵਾਰਡ ਵਿਕਾਸ ਲਈ ਸਾਰੇ 35 ਕੌਂਸਲਰਾਂ ਨੂੰ 50-50 ਲੱਖ ਰੁਪਏ ਅਲਾਟ ਕੀਤੇ ਜਾਣ ਤਾਂ ਜੋ ਉਹ ਆਪਣੇ-ਆਪਣੇ ਵਾਰਡਾਂ ਵਿੱਚ ਪੈਂਡਿੰਗ ਵਿਕਾਸ ਕਾਰਜਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਹਾਲ ਹੀ ਵਿੱਚ ਸ਼ਹਿਰ ਵਿੱਚ ਵਿਕਾਸ ਪ੍ਰਾਜੈਕਟਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਤੋਂ 125 ਕਰੋੜ ਪ੍ਰਾਪਤ ਹੋਏ ਹਨ। ਇਸ ਲਈ ਉਸ ਫੰਡ ਵਿੱਚੋਂ ਸਾਰੇ ਕੌਂਸਲਰਾਂ ਨੂੰ ਉਨ੍ਹਾਂ ਦੇ ਵਾਰਡਾਂ ਵਿੱਚ ਵਿਕਾਸ ਪ੍ਰਾਜੈਕਟਾਂ ਲਈ ਵਾਰਡ ਵਿਕਾਸ ਲਈ ਫੰਡ ਜਾਰੀ ਕੀਤੇ ਜਾਣ।