ਗੁਰਦੁਆਰਾ ਕਤਲਗੜ੍ਹ ਸਾਹਿਬ ਜਾਂਦੇ ਰਸਤਿਆਂ ’ਤੇ ਸੁਰੱਖਿਆ ਸਖ਼ਤ
ਚਮਕੌਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾਂਦੇ ਦਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਦੂਜੇ ਦਿਨ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਦੀਵਾਨ ਸਜਾਏ ਗਏ, ਜਿੱਥੇ ਕੀਰਤਨੀ ਜਥੇ ,ਢਾਡੀ ਅਤੇ ਕਵਿਸਰੀ ਜਥੇ ਸੰਗਤਾਂ ਨੂੰ ਲਗਾਤਾਰ ਬਾਣੀ ਨਾਲ ਜੋੜ ਰਹੇ ਹਨ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੀ ਮੇਲੇ ਵਿੱਚ ਸੰਗਤਾਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਲੱਗੀ ਹੋਈ ਅਤੇ ਪੁਲੀਸ ਵੱਲੋਂ ਥਾਂ-ਥਾਂ ਨਾਕੇ ਲਗਾਏ ਜਾ ਰਹੇ ਹਨ ਜਦੋਂਕਿ ਪੁਲੀਸ ਵੱਲੋਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੂੰ ਜਾਂਦੇ ਸਾਰੇ ਪ੍ਰਮੁੱਖ ਮਾਰਗਾਂ ’ਤੇ ਬੈਰੀਕੇਡਿੰਗ ਕਰਕੇ ਵਾਹਨਾਂ ਲਈ ਰਸਤੇ ਬੰਦ ਕੀਤੇ ਗਏ ਹਨ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਡੀ ਐੱਸ ਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਥਾਨਕ ਪੁਲੀਸ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਵੀ ਵਾਧੂੁ ਪੁਲੀਸ ਇੱਥੇ ਤਾਇਨਾਤ ਕੀਤੀ ਗਈ ਹੈ। ਸੀ ਸੀ ਟੀ ਵੀ ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਉਨ੍ਹਾਂ ਦੀ ਰਿਹਾਇਸ਼ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਵੀ ਵਾਧੂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਦੁਪਹਿਰ 2 ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਮੁੜ ਗੁਰਦੁਆਰਾ ਸਾਹਿਬ ਵਿਖੇ ਹੀ ਸੰਪੰਨ ਹੋਵੇਗਾ। ਦੂਜੇ ਪਾਸੇ ਪੁਲੀਸ ਵੱਲੋਂ ਡੀਐੱਸਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਕਈ ਘੰਟੇ ਸ਼ਹਿਰ ਵਿੱਚ ਵਾਹਨਾਂ ਦੀ ਚੈਕਿੰਗ ਕੀਤੀ ਗਈ।