ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਹਲਕਾ ਡੇਰਾਬੱਸੀ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਜਦੋਂਕਿ ਬਲਾਕ ਸਮਿਤੀ ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਪੁਲੀਸ ਨੇ ਕਮਰ ਕੱਸ ਲਈ ਹੈ। ਇਸ ਲਈ ਅੱਜ ਪੁਲੀਸ ਨੇ ਅਹਿਮ ਮੀਟਿੰਗ ਕੀਤੀ। ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਮੀਟਿੰਗ ਵਿੱਚ ਸਬ-ਡਿਵੀਜ਼ਨ ਡੇਰਾਬੱਸੀ ਦੇ ਸਾਰੇ ਥਾਣਾ ਮੁਖੀ ਅਤੇ ਚੌਕੀ ਇੰਚਾਰਜ ਹਾਜ਼ਰ ਹੋਏ।
ਇਸ ਦੌਰਾਨ ਡੀ ਐੱਸ ਪੀ ਨੇ ਪੁਲੀਸ ਅਧਿਕਾਰੀਆਂ ਆਪੋ-ਆਪਣੇ ਖੇਤਰ ਵਿੱਚ ਅਹਿਮ ਥਾਵਾਂ ’ਤੇ ਵਿਸ਼ੇਸ਼ ਨਾਕੇ ਲਾਉਣ ਦੀ ਹਦਾਇਤ ਕੀਤੀ। ਇਸ ਦੌਰਾਨ ਹਰ ਵਾਹਨ ਦੀ ਜਾਂਚ ਕਰਨ ਮਗਰੋਂ ਇਲਾਕੇ ਵਿੱਚ ਆਉਣ ਵਾਲੇ ਬਾਹਰੀ ਅਤੇ ਸ਼ੱਕੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਰਕਾਰੀ ਇਮਾਰਤਾਂ ਅਤੇ ਭੀੜ ਵਾਲੀਆਂ ਥਾਵਾਂ ਦੀ ਲਗਾਤਾਰ ਜਾਂਚ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਰੇ ਖੇਤਰ ਵਿੱਚ ਰੋਜ਼ਾਨਾ ਗਸ਼ਤ ਕਰਨ ਦੀ ਹਦਾਇਤ ਕੀਤੀ ਤਾਂ ਜੋ ਲੋਕਾਂ ਨੂੰ ਪੁਲੀਸ ਦੀ ਹਾਜ਼ਰੀ ਮਹਿਸੂਸ ਹੋਵੇ। ਉਨ੍ਹਾਂ ਨੇ ਕਿਹਾ ਕਿ ਸਬੰਧਤ ਖੇਤਰ ਵਿੱਚ ਗੜਬੜੀ ਕਰਨ ਵਾਲੇ ਅਤੇ ਮਾੜੇ ਅਨਸਰਾਂ ਤੋਂ ਅਗਾਊਂ ਹਥਿਆਰ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਥਾਣਾ ਮੁਖੀ ਡੇਰਾਬੱਸੀ ਸੁਮੀਤ ਮੋਰ, ਥਾਣਾ ਮੁਖੀ ਲਾਲੜੂ ਰਣਵੀਰ ਸਿੰਘ, ਥਾਣਾ ਮੁਖੀ ਹੰਡੇਸਰਾ ਗੁਰਮਿਹਰ ਸਿੰਘ, ਚੌਕੀ ਇੰਚਾਰਜ ਨਾਹਰ ਸਹਾਇਕ ਇੰਸਪੈਕਟਰ ਗੁਰਵਿੰਦਰ ਸਿੰਘ, ਸਹਾਇਕ ਇੰਸਪੈਕਟਰ ਕੁਲਵੰਤ ਸਿੰਘ, ਚੌਕੀ ਇੰਚਾਰਜ ਕੁਲਵੰਤ ਸਿੰਘ ਅਤੇ ਸਬੰਧਤ ਥਾਣਿਆਂ ਤੇ ਪੁਲੀਸ ਚੌਕੀਆਂ ਦੇ ਮੁਨਸ਼ੀ ਵੀ ਹਾਜ਼ਰ ਸਨ।
ਬੀ ਡੀ ਪੀ ਓ ਨੂੰ ਨੋਟਿਸ ਜਾਰੀ
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਕੱਲ੍ਹ ਸਿਆਸੀ ਦਬਾਅ ਹੇਠ ਬੀ ਡੀ ਪੀ ਓ ’ਤੇ ਦਫ਼ਤਰ ਵਿੱਚ ਗ਼ੈਰਹਾਜ਼ਰ ਹੋਣ ਤੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਐੱਨ ਓ ਸੀ ਨਾ ਜਾਰੀ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਬੀ ਡੀ ਪੀ ਓ ਡੇਰਾਬੱਸੀ ਬਲਜੀਤ ਸਿੰਘ ਸੋਹੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਬੀ ਡੀ ਪੀ ਓ ਸੋਹੀ ਨੇ ਕਿਹਾ ਕਿ ਇਸ ਦਾ ਜਵਾਬ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਚੋਣ ਕਮਿਸ਼ਨ ਨੂੰ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਹੀ ਸਬੰਧਤ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਐੱਨ ਓ ਸੀ ਜਾਰੀ ਕਰ ਦਿੱਤੀਆਂ ਸਨ। ਦੂਜੇ ਪਾਸੇ ਨਾਮਜ਼ਦਗੀ ਦਾਖ਼ਲ ਕਰਨ ਦੇ ਤੀਜੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਆਪਣੀ ਪੱਤਰ ਦਾਖ਼ਲ ਨਹੀਂ ਕੀਤੇ। ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਉਮੀਦਵਾਰ ਅਖ਼ੀਰਲੀ ਤਰੀਕ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
