ਸੈਕਟਰ-37 ਕਮਿਊਨਿਟੀ ਸੈਂਟਰ ਦਾ ‘ਜਿਮ’ ਬਣਿਆ ਸ਼ੋਅਪੀਸ
ਸੈਕਟਰ-37 ਸਥਿਤ ਕਮਿਊਨਿਟੀ ਸੈਂਟਰ ਵਿੱਚ ਸਾਲਾਂ ਤੋਂ ਬੰਦ ਜਿਮ ਵਿੱਚ ਲੱਖਾਂ ਰੁਪਏ ਦੇ ਮਹਿੰਗੇ ਫਿਟਨੈੱਸ ਉਪਕਰਨ ਮਿੱਟੀ ਵਿੱਚ ਮਿਲ ਰਹੇ ਹਨ। ਕੌਂਸਲਰ ਯੋਗੇਸ਼ ਢੀਂਗਰਾ ਨੇ ਇਹ ਮੁੱਦਾ ਚੁੱਕ ਕੇ ਨਗਰ ਨਿਗਮ ਪ੍ਰਸ਼ਾਸਨ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਸ਼ਹਿਰ ਦੇ ਨੌਜਵਾਨ ਨਿੱਜੀ ਜਿਮਾਂ ਵਿੱਚ ਸਾਲਾਨਾ 15 ਤੋਂ 20 ਹਜ਼ਾਰ ਰੁਪਏ ਖਰਚ ਕਰ ਰਹੇ ਹਨ, ਜਦੋਂਕਿ ਦੂਜੇ ਪਾਸੇ ਸਰਕਾਰੀ ਸਰੋਤਾਂ ਨਾਲ ਕਮਿਊਨਿਟੀ ਸੈਂਟਰਾਂ ਵਿੱਚ ਬਣੇ ਜਿਮ ਬਿਨਾਂ ਵਰਤੋਂ ਦੇ ਪਏ ਹਨ। ਕੌਂਸਲਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਪ੍ਰੋਗਰਾਮ ਚੱਲ ਰਹੇ ਹਨ, ਜਿਸ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਨੌਜਵਾਨਾਂ ਨੂੰ ਮਾਰਗ ਦਰਸ਼ਨ ਕਰਨ ਦੀ ਗੱਲ ਕਰਦੇ ਹਨ। ਅਜਿਹੀ ਸਥਿਤੀ ਵਿੱਚ ਲੋਕ ਪ੍ਰਸ਼ਾਸਕ ਨੂੰ ਅਪੀਲ ਕਰ ਰਹੇ ਹਨ ਕਿ ਬੰਦ ਪਏ ਜਿਮ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਨੌਜਵਾਨ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾ ਸਕਣ ਅਤੇ ਉਹ ਮਹਿੰਗੇ ਪ੍ਰਾਈਵੇਟ ਜਿਮਾਂ ਤੋਂ ਬਚ ਸਕਣ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਨਗਰ ਨਿਗਮ ਨੂੰ ਆਪਣੀ ਨੀਤੀ ਬਦਲਣੀ ਚਾਹੀਦੀ ਹੈ ਅਤੇ ਅਜਿਹੀਆਂ ਸਹੂਲਤਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਵਿਅੰਗ ਨਾਲ ਕਿਹਾ, ‘ਜਦੋਂ ਨਾਗਰਿਕ ਆਪਣੇ ਹੱਕ ਮੰਗਦੇ ਹਨ ਤਾਂ ਪ੍ਰਸ਼ਾਸਨ ਕਹਿੰਦਾ ਹੈ ਕਿ ਨਿਗਮ ਕੋਲ ਫੰਡ ਨਹੀਂ ਹਨ। ਅਜਿਹੀ ਸਥਿਤੀ ਵਿੱਚ ਇਹ ਅਸਫਲਤਾ ਖੁਦ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦੀ ਹੈ।” ਕੌਂਸਲਰ ਢੀਂਗਰਾ ਨੇ ਮੰਗ ਕੀਤੀ ਕਿ ਇਸ ਮੁੱਦੇ ਨੂੰ ਤਰਜੀਹ ਦਿੰਦੇ ਹੋਏ, ਬੰਦ ਪਏ ਜਿਮ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਨੌਜਵਾਨ ਅਤੇ ਔਰਤਾਂ ਇਸਦਾ ਲਾਭ ਲੈ ਸਕਣ।