ਮੰਡੀ ਗੋਬਿੰਦਗੜ੍ਹ ਸਣੇ ਕਈ ਥਾਈਂ ਤਲਾਸ਼ੀ ਮੁਹਿੰਮ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਵੱਲੋਂ ਕਾਰਡਨ ਐਂਡ ਸਰਚ ਓਪਰੇਸ਼ਨ (ਕਾਸੋ) ਤਹਿਤ ਚੈਕਿੰਗ ਕੀਤੀ ਗਈ। ਮੰਡੀ ਗੋਬਿੰਦਗੜ੍ਹ ਦੀ ਢੇਹਾ ਬਸਤੀ ਵਿੱਚ ਐੱਸ ਐੱਸ ਪੀ ਸੁਭਮ ਅਗਰਵਾਲ ਨੇ ਖੁਦ ਅਗਵਾਈ ਕਰਦਿਆਂ ਦੱਸਿਆ ਕਿ ਪੁਲੀਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਚੈਕਿੰਗ ਪ੍ਰਕਿਰਿਆ ਦੌਰਾਨ ਢੇਹਾ ਬਸਤੀ ਦੇ ਵਸਨੀਕਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਨਸਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ ਜਦਕਿ ਨਸ਼ਾ ਛੱਡਣ ਵਾਲਿਆਂ ਲਈ ਹਰ ਸੰਭਵ ਸਹਾਇਤਾ ਦਿਤੀ ਜਾ ਰਹੀ ਹੈ ਅਤੇ ਸਮਾਜ ਵਿੱਚ ਬਣਦੀ ਇੱਜਤ ਤੇ ਹੁਨਰ ਮੁਤਾਬਕ ਸਵੈ-ਰੁਜ਼ਗਾਰ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਮੰਡੀ ਗੋਬਿੰਦਗੜ੍ਹ ਦੇ ਨਾਲ-ਨਾਲ ਫਤਹਿਗੜ੍ਹ ਸਾਹਿਬ, ਖਮਾਣੋਂ ਸਮੇਤ ਹੋਰ ਸ਼ੱਕੀ ਥਾਵਾਂ ’ਤੇ ਵੀ ਕਾਸੋ ਅਭਿਆਨ ਚਲਾ ਕੇ ਚੈਕਿੰਗ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ। ਇਸ ਮੌਕੇ ਐੱਸ ਪੀ ਰਾਕੇਸ਼ ਕੁਮਾਰ ਯਾਦਵ ਅਤੇ ਡੀ ਐੱਸ ਪੀ ਗੁਰਦੀਪ ਸਿੰਘ ਆਦਿ ਮੌਜੂਦ ਸਨ।
