ਹਾਈ ਕੋਰਟ ਦੇ ਹੁਕਮਾਂ ’ਤੇ ਰਿਸ਼ਵਤ ਮਾਮਲੇ ’ਚ ਐੱਸ ਡੀ ਐੱਮ ਨਾਮਜ਼ਦ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੀ ਝਾੜ-ਝੰਬ ਮਗਰੋਂ ਆਖ਼ਰ ਚੌਕਸੀ ਵਿਭਾਗ ਨੇ ਪੰਜ ਮਹੀਨਿਆਂ ਬਾਅਦ ਰਾਏਕੋਟ ਦੇ ਤਤਕਾਲੀ ਐੱਸ ਡੀ ਐੱਮ ਗੁਰਬੀਰ ਸਿੰਘ ਕੋਹਲੀ ਨੂੰ ਕਰੀਬ 25 ਲੱਖ ਦੇ ਰਿਸ਼ਵਤ ਮਾਮਲੇ ’ਚ ਨਾਮਜ਼ਦ ਕੀਤਾ ਹੈ। ਉੱਧਰ, ਆਪਣੀ ਗ੍ਰਿਫ਼ਤਾਰੀ ਦੇ ਡਰੋਂ ਕੋਹਲੀ ਨੇ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਪਰ ਲੁਧਿਆਣਾ ਦੀ ਵਿਸ਼ੇਸ਼ ਅਦਾਲਤ ਦੇ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਖ਼ਾਰਜ ਕਰ ਦਿੱਤੀ ਹੈ। ਵਿਜੀਲੈਂਸ ਰੇਂਜ ਲੁਧਿਆਣਾ ਵੱਲੋਂ ਗੁਰਬੀਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਨਾ ਕਰਨ ਵਿਰੁੱਧ ਸੱਤਾਧਾਰੀ ਧਿਰ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨਿੱਜੀ ਸਹਾਇਕ ਅਤੇ ਸ਼ਿਕਾਇਤਕਰਤਾ ਕਰਮਜੀਤ ਉਰਫ਼ ਕਮਲ ਸੁਖਾਣਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪੰਜਾਬ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਸਿਧਾਰਥ ਸੰਧੂ ਅਨੁਸਾਰ ਵਿਜੀਲੈਂਸ ਦੇ ਡੀ ਐੱਸ ਪੀ ਸ਼ਿਵ ਚੰਦ ਨੇ ਗੁਰਬੀਰ ਸਿੰਘ ਕੋਹਲੀ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸੇ ਜਾਂਚ ਅਧਿਕਾਰੀ ਸ਼ਿਵ ਚੰਦ ਨੇ 27 ਜੂਨ ਨੂੰ ਲੁਧਿਆਣਾ ਦੀ ਅਦਾਲਤ ਸਾਹਮਣੇ ਖ਼ੁਲਾਸਾ ਕੀਤਾ ਸੀ ਕਿ ਗੁਰਬੀਰ ਸਿੰਘ ਕੋਹਲੀ ਨੂੰ ਵਿਜੀਲੈਂਸ ਨੇ ਹਾਲੇ ਤੱਕ ਨਾਮਜ਼ਦ ਹੀ ਨਹੀਂ ਕੀਤਾ ਹੈ। ਪੰਜ ਮਹੀਨੇ ਤੱਕ ਵਿਜੀਲੈਂਸ ਵੱਲੋਂ ਕੋਹਲੀ ਨੂੰ ਨਾਮਜ਼ਦ ਨਾ ਕਰਨ ’ਤੇ ਵੱਡੇ ਸਵਾਲ ਉੱਠਣ ਮਗਰੋਂ ਐੱਸ ਡੀ ਐੱਮ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੇ 25 ਜੁਲਾਈ ਨੂੰ ਅਰਜ਼ੀ ਦਾਇਰ ਕਰ ਕੇ ਸਚਾਈ ਅਦਾਲਤ ਸਾਹਮਣੇ ਬਿਆਨ ਕਰਨ ਦੀ ਆਗਿਆ ਮੰਗੀ ਸੀ। ਇਸ ਅਰਜ਼ੀ ਉੱਪਰ ਵੀ ਅਦਾਲਤ ਨੇ 12 ਨਵੰਬਰ ਨੂੰ ਸੁਣਵਾਈ ਤਹਿ ਕੀਤੀ ਹੈ। ਹਾਲਾਂਕਿ ਵਿਜੀਲੈਂਸ ਨੂੰ ਨੀਟਾ ਖ਼ਿਲਾਫ਼ ਕੇਸ ਚਲਾਉਣ ਲਈ ਆਗਿਆ ਨਹੀਂ ਮਿਲੀ ਹੈ।
